ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ 2021-ਸ੍ਰੀ ਮੁਕਤਸਰ ਸਾਹਿਬ ਤੋਂ ਅਬੋਹਰ ਨੂੰ ਜਾਣ ਵਾਲੇ ਰੋਡ ’ਤੇ ਪੈਂਦੇ ਕਸਬੇ ਪੰਨੀਵਾਲਾ ਫੱਤਾ ਦੀ ਦਾਣਾ ਮੰਡੀ ਵਿੱਚ ਪ੍ਰਬੰਧਾਂ ਦੀ ਨਾਕਾਫ਼ੀ ਕਿਸਾਨਾਂ ਲਈ ਸਿਰਦਰਦੀ ਬਣ ਰਹੀ ਹੈ। ਮੰਡੀ ਅੰਦਰ ਐਨਾ ਜ਼ਿਆਦਾ ਬੁਰਾ ਹਾਲ ਹੈ ਕਿ ਕੱਲ੍ਹ ਰਾਤ ਆਈ ਬਾਰਿਸ਼ ਦੇ ਪਾਣੀ ’ਚ ਅਜੇ ਵੀ ਕਿਸਾਨਾਂ ਦੀ ਕਣਕ ਖ਼ਰਾਬ ਹੋ ਰਹੀ ਹੈ, ਜਦੋਂਕਿ ਪ੍ਰਸਾਸ਼ਨ ਅਵੇਸਲਾ ਹੋਇਆ ਬੈਠਾ ਹੈ। ਮੰਡੀ ’ਚ ਬੈਠੇ ਕਿਸਾਨ ਬਲਕਰਨ ਸਿੰਘ ਨੇ ਦੁੱਖੜਾ ਰੋਂਦੇ ਹੋਏ ਦੱਸਿਆ ਕਿ ਕੱਲ੍ਹ ਆਈ ਬਾਰਿਸ਼ ਕਾਰਨ ਪਾਣੀ ਕਣਕ ਦੀਆਂ ਢੇਰੀਆਂ ਨੂੰ ਖ਼ਰਾਬ ਕਰ ਰਿਹਾ ਹੈ, ਜਦੋਂਕਿ ਉਨ੍ਹਾਂ ਆਪਣੇ ਪੱਧਰ ’ਤੇ ਕਾਫ਼ੀ ਮੁਸ਼ੱਕਤ ਕੀਤੀ, ਪਰ ਫ਼ਿਰ ਵੀ ਉਹ ਆਪਣੀ ਫ਼ਸਲ ਨੂੰ ਪਾਣੀ ਤੋਂ ਬਚਾ ਨਹੀਂ ਸਕੇ ਹਨ। ਉਨ੍ਹਾਂ ਕਿਹਾ ਕਿ ਖਰਾਬ ਚੱਲ ਰਹੇ ਮੌਸਮ ਤੇ ਮੀਂਹ ਦੇ ਕਾਰਨ ਮੰਡੀ ਵਿੱਚ ਪਈਆਂ ਕਣਕ ਦੀਆਂ ਢੇਰੀਆਂ ਭਿੱਜ ਗਈਆਂ ਹਨ ਤੇ ਮੰਡੀ ਵਿੱਚ ਕਈ ਥਾਵਾਂ ’ਤੇ ਪਾਣੀ ਖੜ੍ਹ ਗਿਆ ਹੈ।
ਬਲਕਰਨ ਸਿੰਘ ਨੇ ਦੱਸਿਆ ਕਿ ਕਣਕ ਸਮੇਂ ਸਿਰ ਨਹੀਂ ਵਿਕ ਰਹੀ, ਜਿਸ ਕਾਰਨ ਕਿਸਾਨਾਂ ਦੀ ਖੱਜਲ ਖੁਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਬਾਰਦਾਨਾ ਵੀ ਪੂਰਾ ਨਹੀਂ ਆ ਰਿਹਾ। ਮੰਡੀ ਵਿੱਚ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਢੁੱਕਵੇਂ ਪ੍ਰਬੰਧ ਕਰੇ ਤਾਂ ਕਿ ਸਮੇਂ ਸਿਰ ਕਣਕ ਵੇਚਕੇ ਕਿਸਾਨ ਆਪਣੇ ਘਰਾਂ ਨੂੰ ਜਾ ਸਕਣ । ਉਨ੍ਹਾਂ ਕਿਹਾ ਕਿ ਕਣਕ ਦੇ ਪੈਸੇ ਵੀ ਨਾਲੋਂ ਨਾਲ ਕਿਸਾਨਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ। ਫ਼ਿਲਹਾਲ ਮੌਸਮ ਦਾ ਮਿਜ਼ਾਜ਼ ਬਦਲਿਆ ਨਹੀਂ ਤੇ ਮੰਡੀ ’ਚ ਬੈਠੇ ਕਿਸਾਨ ’ਚ ਚਿੰਤਾ ਹੋਰ ਵੱਧ ਰਹੀ ਹੈ।