ਟਰਾਂਸਪੋਰਟ ਮੰਤਰੀ ਵਲੋਂ ਮੰਗਾਂ ਹੱਲ ਦਾ ਭਰੋਸਾ ਦੇਣ ਤੋਂ ਬਾਅਦ 26 ਅਪ੍ਰੈਲ ਦਾ ਪ੍ਰੋਗਰਾਮ ਰੁਕਿਆ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ 2021-ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਪਨਬੱਸ ਅਤੇ ਪੀਆਰਟੀਸੀ ਦੇ 27 ਡਿਪੂਆਂ ’ਤੇ ਗੇਟ ਰੈਲੀਆ ਕੀਤੀਆਂ ਗਈਆਂ। ਸਥਾਨਕ ਡਿਪੂ ਦੇ ਗੇਟ ’ਤੇ ਵੀ ਰੈਲੀ ਦੌਰਾਨ ਆਗੂਆਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਕੋਸਿਆ। ਇਸ ਮੌਕੇ ਪਨਬੱਸ ਦੇ ਸੂਬਾ ਸਰਪ੍ਰਸਤ ਕਮਲ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਫ੍ਰੀ ਸਫਰ ਸਹੂਲਤਾਂ ਦੇਣ ਦੇ ਫੈਸਲੇ ਦਾ ਸਵਾਗਤ ਕਰਦੇ ਹਨ, ਪਰ ਪੰਜਾਬ ਸਰਕਾਰ ਸੱਤਾ ਨੇ ਜੋ ਵਾਅਦੇ ਸੱਤਾ ’ਚ ਆਉਣ ਤੋਂ ਪਹਿਲਾਂ ਕੀਤੇ ਸਨ, ਉਹ ਵੀ ਪੂਰੇ ਕਰਨੇ ਚਾਹੀਦੇ ਹਨ। ਉਨਾਂ ਕਿਹਾ ਕਿ ਪੰਜਾਬ ਅੰਦਰ ਰੋਡਵੇਜ ਅਤੇ ਪੀਆਰਟੀਸੀ ਦੀਆਂ ਬੱਸਾਂ ਬਹੁਤ ਘੱਟ ਹਨ, ਔਰਤਾਂ ਨੂੰ ਬੱਸਾਂ ਵਿਚ ਸਫਰ ਕਰਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਦੂਜੇ ਪਾਸੇ ਸਰਕਾਰ ਵੱਲੋਂ ਕਰੋਨਾ ਕਾਰਨ 50 ਫ਼ੀਸਦੀ ਸਵਾਰੀ ਦੇ ਆਦੇਸ਼ਾਂ ਨੇ ਲੋਕਾਂ ਦੀਆਂ ਮੁਸਕਿਲਾਂ ਹੋਰ ਵਧਾ ਦਿੱਤੀਆਂ ਹਨ। ਉਨਾਂ ਕਿਹਾ ਕਿ ਸਰਕਾਰ ਤਰੁੰਤ ਸਰਕਾਰੀ ਬੱਸਾਂ ਦੀ ਗਿਣਤੀ 10 ਹਜ਼ਾਰ ਦੇ ਕਰੀਬ ਕਰੇ, ਪਰ ਅਜਿਹਾ ਨਹੀਂ ਕੀਤਾ ਜਾ ਰਿਹਾ।
ਕਮਲ ਕੁਮਾਰ ਨੇ ਕਿਹਾ ਕਿ 22 ਅਪ੍ਰੈਲ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਟਰਾਂਸਪੋਰਟ ਮੰਤਰੀ ਪੰਜਾਬ ਸੈਕਟਰੀ ਸਟੇਟ ਟਰਾਂਸਪੋਰਟ, ਡਾਇਰੈਕਟਰ ਸਟੇਟ ਟਰਾਂਸਪੋਰਟ, ਟਰਾਂਸਪੋਰਟ ਕਮਿਸ਼ਨਰ ਪੰਜਾਬ, ਐਮਡੀ, ਪੀਆਰਟੀਸੀ ਨਾਲ ਮੀਟਿੰਗ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ’ਤੇ ਗੌਰ ਕਰਨ ਦਾ ਕਿਹਾ ਗਿਆ ਹੈ। ਪਨਬੱਸ ਯੂਨੀਅਨ ਵੱਲੋਂ ਪਨਬੱਸ ਵਿਚ ਭਰਤੀ ਡਾਟਾ ਐਂਟਰੀ ਆਪ੍ਰੇਟਰਾਂ ਅਤੇ ਪੀਆਰਪੀਸੀ ਦੀ ਤਨਖਾਹ ਵਿਚ 2500 ਵਾਧੇ ਦੀ ਮੰਗ ਵੀ ਕੀਤੀ ਗਈ, ਜਿਸ ’ਤੇ ਸੈਕਟਰੀ ਵਲੋਂ ਭਰੋਸਾ ਦਿੱਤਾ ਗਿਆ ਕਿ ਹੱਲ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਪਨਬੱਸ ਵੱਲੋਂ ਪੀਆਰਟੀਸੀ ਦੇ ਨਵੇਂ ਠੇਕੇਦਾਰ ਦੇ ਐਗਰੀਮੈਂਟ ਦੇ ਸਬੰਧ ਵਿਚ ਜਾਣੂ ਕਰਵਾਉਣ ਤੋਂ ਬਾਅਦ ਪੀਆਰਟੀਸੀ ਦੇ ਐਮਡੀ ਵਲੋਂ 27 ਅਪ੍ਰੈਲ ਨੂੰ 11 ਵਜੇ ਪਟਿਆਲੇ ਵਿਖੇ ਮੀਟਿੰਗ ਕਰਕੇ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ ਹੈ, ਜਿਸ ਕਰਕੇ 26 ਅਪ੍ਰੈਲ ਦੇ ਪ੍ਰੋਟੈਸਟ ਨੂੰ ਰੋਕ ਦਿੱਤਾ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਨੂੰ ਪੱਕਾ ਕਰਨ, ਪੀਆਰਟੀਸੀ ਦੇ ਠੇਕੇਦਾਰ ਦੀਆਂ ਕੰਡੀਸ਼ਨਾਂ, ਰਿਪੋਰਟਾਂ ਸਬੰਧੀ ਕੰਡੀਸ਼ਨਾਂ, ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਪਨਬੱਸ ਵਾਂਗ 2500 ਰੁਪਏ ਤਨਖਾਹ ਵਿਚ ਵਾਧੇ ਜਿਹੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਯੂਨੀਅਨ ਵੱਲੋਂ ਪੋਸਟਪੋਨ ਕੀਤੇ ਪ੍ਰੋਗਰਾਮ ਸਟੈਂਡ ਕਰਨ ਦੇ ਨਾਲ-ਨਾਲ ਤਿੱਖੇ ਸੰਘਰਸ਼ ਉਲੀਕੇ ਜਾਣਗੇ। ਇਸ ਮੌਕੇ ਕਰਮਚਾਰੀ ਦਲ ਤੋਂ ਅਜੈਬ ਸਿੰਘ, ਕੰਡਕਟਰ ਯੂਨੀਅਨ ਤੋਂ ਸੁਖਵੰਤ ਸਿੰਘ, ਇੰਪਲਾਈਜ਼ ਯੂਨੀਅਨ ਤੋਂ ਮੰਦਰ ਸਿੰਘ, ਪਨਬਸ ਤੋਂ ਤਰਸੇਮ ਸਿੰਘ, ਸਡਿਉਲ ਕਾਸਟ ਤੋਂ ਗੁਰਬਚਨ ਸਿੰਘ, ਪ੍ਰਸ਼ੋਤਮ ਕੁਮਾਰ, ਸੁਧੀਰ ਕੁਮਾਰ, ਬਲਵੰਤ ਸਿੰਘ, ਮਨਜੀਤ ਸਿੰਘ, ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।