- ਮੁਕੇਰਿਆਂ ਦੇ ਪਿੰਡ ਪੰਡੋਰੀ ਲਾਮਿਨ ਵਿਚ ਹੋਈ ਸੀ ਗੁਰੂ ਰਵਿਦਾਸ ਮਹਾਰਾਜ ਦੀ ਬੇਅਦਬੀ
ਚੰਡੀਗੜ, 23 ਅਪ੍ਰੈਲ 2021 - ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਮੁਕੇਰਿਆਂ ਦੇ ਅਧੀਨ ਆਉਂਦੇ ਪਿੰਡ ਪੰਡੋਰੀ ਲਾਮਿਨ ਵਿਚ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਵਿਚ ਹੋਏ ਬੇਅਦਬੀ ਮਾਮਲੇ ਦੇ ਸਬੰਧ ਵਿਚ ਰਾਸ਼ਟਰੀ ਅਨੁਸੂਚਿਤ ਜਾਤੀ ਕਮੀਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਹੁਸ਼ਿਆਰਪੁਰ ਦੀ ਡੀਸੀ ਅਪਨੀਤ ਰਿਆਤ ਅਤੇ ਐਸਐਸਪੀ ਨਵਜੋਤ ਸਿੰਘ ਮਾਹਲ ਦੇ ਨਾਲ ਮੀਟਿੰਗ ਦੌਰਾਨ ਉਨਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਸਾਂਪਲਾ ਨੇ ਕਿਹਾ ਕਿ ਜੋ ਗੁਰੂ ਰਵਿਦਾਸ ਮਹਾਰਾਜ ਅਤੇ ਗੁਰੂ ਸਾਹਿਬਾਨ ਦਾ ਅਨਾਦਰ ਹੋਇਆ ਉਸ ਨਾਲ ਦਲਿਤ ਸਮਾਜ ਵਿਚ ਕਾਫੀ ਰੋਸ ਹੈ। ਅਸੀਂ ਸਾਰੀਆਂ ਗੁਰੂਆਂ ਦੇ ਪ੍ਰਤੀ ਸ਼ਰਧਾ ਰੱਖਦੇ ਹਾਂ। ਸ਼੍ਰੀ ਗੁਰੂ ਰਵਿਦਾਸ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰੀਆਂ ਸਾਡੇ ਲਈ ਪੂਜਨੀਕ ਹਨ।
ਬੇਅਦਬੀ ਦੇ ਇਸ ਘਿਨੌਣੇ ਕਾਰਜ ਦੇ ਸਬੰਧੀ ਵਿਚ ਸਾਂਪਲਾ ਵੱਲੋਂ ਪ੍ਰਸ਼ਾਸਨ ਨੂੰ ਤੁਰੰਤ ਸਖਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ, ਜਿਸਦੇ ਚੱਲਦੇ ਜਿਲਾ ਪੁਲੀਸ ਵੱਲੋਂ ਪਰਚਾ ਦਰਜ਼ ਕਰ ਕੇ ਤਿੰਨ ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ ਸੀ, ਜਿਸ ਵਿਚੋਂ ਦੋ ਦੋਸ਼ੀਆਂ ਨੂੰ ਗਿ੍ਰਫਤਾਰ ਵੀ ਕੀਤਾ ਸੀ। ਪਰ ਇਸ ਸਬੰਧੀ ਵਾਈਰਲ ਹੋਈ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋਸ਼ੀਆਂ ਦੀ ਗਿਣਤੀ ਤਿੰਨ ਤੋਂ ਵੱਧ ਹੈ। ਉਨਾਂ ਪ੍ਰਸ਼ਾਸਨ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵੀਡੀਓ ਦੀ ਜਾਂਚ ਕਰ ਕੇ ਇਸ ਘਿਨੋਣੇ ਕੰਮ ਵਿਚ ਸ਼ਾਮਲ ਬਾਕੀ ਦੋਸ਼ੀਆਂ ਨੂੰ ਵੀ ਜਲਦ ਤੋਂ ਜਲਦ ਗਿ੍ਰਫਤਾਰ ਕੀਤਾ ਜਾਵੇ ਅਤੇ ਉਨਾਂ ਖਿਲਾਫ ਹੋਰਨਾਂ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਾਂਪਲਾ ਨੇ ਹੁਸ਼ਿਆਰਪੁਰ ਦੇ ਡੀਸੀ ਅਤੇ ਐਸਐਸਪੀ ਨੂੰ ਨਿਰਦੇਸ਼ ਦਿੱਤੇ ਕਿ ਇਸ ਮਾਮਲੇ ਵਿਚ ਧਾਰਾ 295-ਏ ਜੋੜੀ ਜਾਵੇ ਅਤੇ ਕਥਿਤ ਦੋਸ਼ੀਆਂ ਵੱਲੋਂ ਬੇਅਦਬੀ ਦੀ ਵੀਡੀਓ ਬਣਾ ਕੇ ਵਾਈਰਲ ਕਰਨ ਦੇ ਦੋਸ਼ ਵਿਚ ਆਈਟੀ ਐਕਟ ਦੇ ਅਧੀਨ ਹੋਰਨਾਂ ਧਾਰਾਵਾਂ ਵੀ ਲਗਾਈ ਜਾਣ।