ਸਿਵਲ ਸਰਜਨ ਨੇ ਕਿਹਾ..5 ਵੈਂਟੀਲੇਟਰ ਫਰੀਦਕੋਟ ਹਸਪਤਾਲਾਂ ਨੂੰ ਭੇਜੇ ਜਾਣਗੇ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 5 ਮਈ 2021-ਕੋਵਿਡ ਤੋਂ ਬਚਾਅ ਲਈ ਭਾਵੇਂ ਸੂਬਾ ਸਰਕਾਰ ਵੱਲੋਂ ਤਰਾਂ-ਤਰਾਂ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ ’ਤੇ ਸਰਕਾਰ ਤੇ ਸਿਹਤ ਵਿਭਾਗ ਦੇ ਦਾਅਵੇ ਫੇਲ ਹੁੰਦੇ ਸਾਬਿਤ ਹੋ ਰਹੇ ਹਨ। ਭਾਵੇਂਕਿ ਸਰਕਾਰ ਵੱਲੋਂ ਮਿਸ਼ਨ ਫਤਿਹ ਮੁਹਿੰਮ ਸ਼ੁਰੁੂ ਕੀਤੀ ਗਈ ਹੈ, ਪਰ ਹਸਪਤਾਲਾਂ ’ਚ ਪ੍ਰਬੰਧਾਂ ਦੀ ਘਾਟ ਕਾਰਨ ਆਖ਼ਰ ਕਦੋਂ ਤੱਕ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾਂਦਾ ਰਹੇਗਾ?
ਇਸ ਸਮੇਂ ਜ਼ਿਲੇ ਅੰਦਰ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਤੇ ਮਰੀਜ਼ ਲਗਾਤਾਰ ਵੈਂਟੀਲੇਟਰ ਲਈ ਹਸਪਤਾਲ ਪੁੱਜ ਰਹੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਸਿਹਤ ਵਿਭਾਗ ਕੋਲ ਜ਼ਿਲ਼ੇ ’ਚ 11 ਵੈਂਟੀਲੇਟਰ ਹਨ, ਪਰ ਇੰਨਾਂ ਨੂੰ ਚਲਾਉਣ ਦਾ ਇੱਕ ਵੀ ਮਾਹਿਰ ਨਹੀਂ ਹੈ। ਕਹਿਣ ਨੂੰ ਜ਼ਿਲੇ ਦੇ ਸਰਕਾਰੀ ਹਸਪਤਾਲਾਂ ’ਚੋਂ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਵਿਖੇ ਕੋਵਿਡ ਹਸਪਤਾਲ ਬਣਾਏ ਗਏ ਹਨ, ਪਰ ਸਥਿਤੀ ਇਹ ਹੈ ਕਿ ਕੋਵਿਡ ਮਰੀਜ਼ ਨੂੰ ਸਮੱਸਿਆ ਵਧਣ ’ਤੇ ਅੱਗੇ ਹੀ ਰੈਫਰ ਕਰਨਾ ਪੈਂਦਾ ਹੈ। ਜ਼ਿਲੇ ’ਚ 11 ਵੈਂਟੀਲੇਟਰ ਹਨ, ਜਿੰਨਾਂ ’ਚੋਂ 7 ਵੈਂਟੀਲੇਟਰ ਸ੍ਰੀ ਮੁਕਤਸਰ ਸਾਹਿਬ ਸਿਵਲ ਹਸਪਤਾਲ ’ਚ ਹਨ, ਪਰ ਇੰਨਾਂ 11 ਵੈਂਟੀਲੇਟਰਾਂ ਨੂੰ ਜੋ ਚਲਾ ਸਕੇ, ਉਹ ਇਕ ਵੀ ਮਾਹਿਰ ਜ਼ਿਲੇ ’ਚ ਨਹੀਂ ਹੈ। ਇਹ ਸਮੱਸਿਆ ਇੰਝ ਹੀ ਲੰਮੇ ਸਮੇਂ ਤੋਂ ਬਣੀ ਹੋਈ ਹੈ।
ਸਿਵਲ ਸਰਜਨ ਡਾ: ਰੰਜੂ ਸਿੰਗਲਾ ਅਨੁਸਾਰ ਹੁਣ 5 ਵੈਂਟੀਲੇਟਰ ਫਰੀਦਕੋਟ ਵਿਖੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਭੇਜੇ ਜਾ ਰਹੇ ਹਨ। ਉਨਾਂ ਅਨੁਸਾਰ ਮਾਹਿਰ ਡਾਕਟਰ ਅਤੇ ਐਨਥੀਸੀਆ ਦਾ ਡਾਕਟਰ ਲੰਮੇ ਸਮੇਂ ਤੋਂ ਨਹੀਂ ਅਤੇ ਇਸ ਸਬੰਧੀ ਲਿਖਤੀ ਉਚ ਅਧਿਕਾਰੀਆਂ ਨੂੰ ਅਪੀਲ ਕੀਤੀ ਜਾ ਚੁੱਕੀ ਹੈ।
ਵਰਣਨਯੋਗ ਹੈ ਕਿ ਇਸ ਸਮੇਂ ਕੋਰੋਨਾ ਦਾ ਪ੍ਰਭਾਵ ਲਗਾਤਾਰ ਜਾਰੀ ਹੈ, ਪਰ ਹਸਪਤਾਲਾਂ ’ਚ ਵੈਂਟੀਲੇਟਰ ਮਾਹਿਰਾਂ ਦੀ ਕਮੀ ਲੋਕਾਂ ਦੀ ਜਾਨ ਨਾਲ ਇੱਕ ਪ੍ਰਕਾਰ ਦਾ ਮਜ਼ਾਕ ਹੀ ਹੋ ਰਿਹਾ ਹੈ, ਜਿਸ ਪਾਸੇ ਸਰਕਾਰ ਤੇ ਸਿਹਤ ਵਿਭਾਗ ਨੂੰ ਧਿਆਨ ਦੇਣ ਦੀ ਲੋੜ ਹੈ।