ਤਰਕਸ਼ੀਲ ਸਭਿਆਚਾਰਕ ਸੁਸਾਇਟੀ ਕੈਨੇਡਾ ਵਲੋਂ ਮਜ਼ਦੂਰ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ
ਹਰਦਮ ਮਾਨ
ਸਰੀ, 5 ਮਈ 2021: ਤਰਕਸ਼ੀਲ ਸਭਿਆਚਾਰਕ ਸੁਸਾਇਟੀ ਕੈਨੇਡਾ ਵੱਲੋਂ ਪਹਿਲੀ ਮਈ ਮਜ਼ਦੂਰ ਦਿਵਸ ਦੀ ਮਹੱਤਤਾ ਦੇ ਮੱਦੇ ਨਜ਼ਰ ਕਿਰਤੀਆਂ ਦੇ ਲੰਮੇ ਸੰਘਰਸ਼ ਦੀ ਇਤਿਹਾਸਕ ਜਿੱਤ ਦੇ ਜਸ਼ਨ ਨੂੰ ਜ਼ੂਮ ਮੀਟਿੰਗ ਰਾਹੀਂ ਯਾਦ ਕੀਤਾ ਗਿਆ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸਕੱਤਰ ਪਰਮਿੰਦਰ ਸਵੈਚ ਨੇ ਮਈ ਦਿਨ ਦੇ ਇਤਿਹਾਸ ਬਾਰੇ ਦੱਸਿਆ ਕਿ ਮਜ਼ਦੂਰਾਂ ਦਾ ਅੱਠ ਘੰਟੇ ਦੀ ਦਿਹਾੜੀ ਵਾਲਾ ਸੰਘਰਸ਼ 1877 ਤੋਂ ਲੈ ਕੇ 1886 ਤੱਕ ਦਸ ਸਾਲ ਚੱਲਿਆ,ਜਿਸ ਵਿੱਚ ਬਹੁਤ ਸਾਰੇ ਮਜ਼ਦੂਰਾਂ ਦਾ ਖੂਨ ਡੁੱਲ੍ਹਿਆ ਹੈ,ਮਈ ਦਿਨ ਦਾ ਲਾਲ ਝੰਡਾ ਉਹਨਾਂ ਦੇ ਰੱਤ ਨਾਲ ਰੰਗਿਆ ਹੈ। ਸੁਸਾਇਟੀ ਦੇ ਪ੍ਰਧਾਨ ਬਾਈ ਅਵਤਾਰ ਨੇ ਕਿਹਾ ਕਿ ਪੂੰਜੀਵਾਦ ਨੇ ਸਾਡੇ ਤੇ ਅਜਿਹਾ ਗਲਬਾ ਪਾਇਆ ਹੈ ਕਿ ਅਸੀਂ ਹੁਣ ਫਿਰ ਤੋਂ ਬਿਨ੍ਹਾਂ ਸੋਚੇ ਸਮਝੇ ਓਵਰ ਟਾਈਮ ਲਾਈ ਜਾ ਰਹੇ ਹਾਂ। ਗੁਰਮੇਲ ਗਿੱਲ ਨੇ ਕਿਹਾ ਕਿ ਮਾਰਕਸਵਾਦ ਹੀ ਵਿਗਿਆਨਕ ਫਲਸਫਾ ਹੈ ਅਤੇ ਸਰਮਾਏਦਾਰੀ ਸਿਸਟਮ ਦਾ ਖ਼ਾਤਮਾ ਹੋਣਾ ਲਾਜ਼ਮੀ ਹੈ। ਜਸਵੀਰ ਮੰਗੂਵਾਲ ਨੇ ਕਿਹਾ ਕਿ ਫਾਸ਼ੀਵਾਦੀ ਤਾਕਤਾਂ ਦਿਨੋ ਦਿਨ ਸਿਰ ਚੁੱਕ ਰਹੀਆਂ ਹਨ ਜਿੱਥੇ ਸਾਨੂੰ ਸਮਾਜਵਾਦੀ ਢਾਂਚੇ ਦੀ ਲੋੜ ਹੈ ਉੱਥੇ ਇਹਨਾਂ ਦਾ ਟਾਕਰਾ ਕਰਨਾ ਬਹੁਤ ਜ਼ਰੂਰੀ ਹੈ। ਵਿਨੀਪੈੱਗ ਤੋਂ ਹਰਨੇਕ ਧਾਲੀਵਾਲ ਨੇ ਕਿਹਾ ਕਿ ਸਾਨੂੰ ਸਵੈ-ਪੜਚੋਲ ਦੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਕਈ ਵਾਰ ਅਸੀਂ ਗੱਲਾਂ ਫਲਸਫੇ ਦੀਆਂ ਕਰਦੇ ਰਹਿੰਦੇ ਹਾਂ ਪਰ ਸਾਡੇ ਵਿੱਚੋਂ ਜੱਟਵਾਦ ਕੈਨੇਡਾ ਆ ਕੇ ਵੀ ਬਾਹਰ ਨਹੀਂ ਨਿਕਲ ਰਿਹਾ। ਮੀਤ ਪ੍ਰਧਾਨ ਰਵਾਇਤ ਸਿੰਘ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੱਤੀ। ਨੌਜਵਾਨ ਰਾਜ ਬਲਵਿੰਦਰ ਨੇ ਜਾਤਾਂ, ਧਰਮਾਂ ਤੋਂ ਉੱਪਰ ਉੱਠ ਕੇ ਮਨੁੱਖਤਾਵਾਦੀ ਹੋਣ ਦਾ ਸੁਨੇਹਾ ਦਿੱਤਾ। ਨਿਰਮਲ ਕਿੰਗਰਾ ਨੇ ਆਤਮ ਚਿੰਤਨ ਤੇ ਜ਼ੋਰ ਦਿੱਤਾ ਤੇ ਭਾ ਜੀ ਗੁਰਸ਼ਰਨ ਸਿੰਘ ਦਾ ਹਵਾਲਾ ਦਿੰਦਿਆ ਕਹਿਣੀ ਤੇ ਕਰਨੀ ਇੱਕ ਹੋਣ ਬਾਰੇ ਕਿਹਾ। ਸਾਧੂ ਸਿੰਘ ਗਿੱਲ ਨੇ ਡੁਬਈ (ਸ਼ਾਰਜ਼ਾ) ਵਿੱਚ ਆਪਣੀ ਮਜ਼ਦੂਰ ਜਥੇਬੰਦੀ ਨਾਲ ਕੀਤੇ ਕੰਮਾਂ ਦੇ ਤਜਰਬੇ ਸਾਂਝੇ ਕੀਤੇ। ਪਵਿੱਤਰ ਸਿੱਧੂ, ਮੈਂਡੀ ਸੰਧੂ, ਹਰਪਾਲ ਗਰੇਵਾਲ ਨੇ ਵੀ ਸ਼ਮੂਲੀਅਤ ਕਰਦੇ ਹੋਏ ਆਪਣੇ ਵਿਚਾਰ ਰੱਖੇ।
ਅੰਤ ਵਿੱਚ ਬਾਈ ਅਵਤਾਰ ਨੇ ਕਿਹਾ ਕਿ ਸਾਨੂੰ ਸੈਮੀਨਾਰ ਕਰਨੇ ਚਾਹੀਦੇ ਹਨ ਤਾਂ ਕਿ ਸਾਡੇ ਸਾਰਿਆਂ ਦੇ ਗਿਆਨ ਵਿੱਚ ਵਾਧਾ ਹੋਵੇ। ਇਸ ਮੀਟਿੰਗ ਵਿੱਚ ਕੈਨੇਡਾ ਦੀ ਤਾਲਮੇਲ ਕਮੇਟੀ ਵਿੱਚ ਵੈਨਕੂਵਰ ਜਥੇਬੰਦੀ ਦੇ ਤਿੰਨ ਮੈਂਬਰ ਬਾਈ ਅਵਤਾਰ,ਪਰਮਿੰਦਰ ਸਵੈਚ ਤੇ ਜਗਰੂਪ ਧਾਲੀਵਾਲ ਅਤੇ ਵਿਨੀਪੈੱਗ ਤੋਂ ਰਾਜ ਬਲਵਿੰਦਰ ਸਿੰਘ ਤੇ ਜਸਵੀਰ ਮੰਗੂਵਾਲ ਚੁਣੇ ਗਏ। ਮੀਟਿੰਗ ਵਿੱਚ ਅਗਾਂਹਵਧੂ ਸਮਾਜਿਕ ਕਾਰਕੁੰਨ ਮਾਸਟਰ ਭਜਨ ਸਿੰਘ ਕੈਲਗਰੀ ਦੇ ਦੋਹਤੇ ਵਿਸ਼ਵਜੀਤ ਸਿੰਘ ਸਿੱਧੂ ਦੀ ਅਚਾਨਕ ਮੌਤ ਉਪਰ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com