ਸੀਨੀਅਰ ਮੈਡੀਕਲ ਅਫ਼ਸਰ ਨੂੰ ਸੌਂਪਿਆ ਮੰਗ ਪੱਤਰ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 6 ਮਈ 2021-ਕੋਰੋਨਾ ਡਿਊਟੀਆਂ ਤੋਂ ਸਤਾਏ ਰੂਰਲ ਫਾਰਮੇਸੀ ਅਫ਼ਸਰਾਂ ਨੇ ਅੱਜ ਇਸ ਨੀਤੀ ਦਾ ਬਾਈਕਾਟ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਹੈ। ਇਸ ਮੌਕੇ ਵਫ਼ਦ ’ਚ ਸ਼ਾਮਲ ਫਾਰਮੇਸੀ ਅਫ਼ਸਰਾਂ ਨੇ ਦੱਸਿਆ ਕਿ ਉਹ ਪਿਛਲੇ 15 ਸਾਲਾਂ ਤੋਂ ਮਾਮੂਲੀ ਤਨਖ਼ਾਹਾਂ ’ਤੇ ਕੰਮ ਕਰ ਰਹੇ ਹਨ ਤੇ ਕੋਰੋਨਾਕਾਲ ਦੌਰਾਨ ਪੇਂਡੂ ਖੇਤਰਾਂ ’ਚ ਸਿਹਤ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਡੇਢ ਸਾਲ ਤੋਂ ਉਹ ਆਪਣੀ ਜਾਨ ਜੋਖ਼ਮ ’ਚ ਪਾਕੇ ਡਿਊਟੀਆਂ ਨਿਭਾਅ ਰਹੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਬਿਨ੍ਹਾਂ ਕਿਸੇ ਮਾਣਭੱਤੇ ਤੇ ਬੀਮੇ ਤੋਂ ਡਿਊਟੀਆਂ ਕਰ ਰਹੇ ਹਨ।
ਵਫਦ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਿਹਤ ਨੂੰ ਕੁੱਝ ਹੁੰਦਾ ਹੈ ਤਾਂ ਸਰਕਾਰ ਵੱਲੋਂ ਇਸ ਸਬੰਧੀ ਉਨ੍ਹਾਂ ਨੂੰ ਕਿਸੇ ਬੀਮਾ ਯੋਜਨਾ ’ਚ ਸ਼ਾਮਲ ਨਹੀਂ ਕੀਤਾ ਗਿਆ, ਜਿਸ ਕਰਕੇ ਅੱਜ ਉਹ ਆਪਣੀਆਂ ਡਿਊਟੀਆਂ ਦਾ ਬਾਈਕਾਟ ਕਰਨਗੇ ਤੇ ਵਾਪਿਸ ਆਪਣੀਆਂ ਡਿਸਪੈਂਸਰੀਆਂ ’ਚ ਸੇਵਾਵਾਂ ਦੇਣਗੇ। ਮੰਗ ਪੱਤਰ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਜਿਵੇਂ ਕਿ ਬਿਨ੍ਹਾਂ ਸ਼ਰਤ ਡਾਕਟਰਾਂ ਵਾਂਗ ਰੈਗੂਲਰ ਕਰਨ, ਕੋਵਿਡ ਡਿਊਟੀ ਦੌਰਾਨ ਮਾਣਭੱਤਾ ਤੇ ਬੀਮਾ ਯੋਜਨਾ ’ਚ ਸ਼ਾਮਲ ਕਰਨ, ਡਿਊਟੀ ਦੌਰਾਨ ਮ੍ਰਿਤਕ ਮੁਲਾਜਮਾਂ ਦੇ ਪਰਿਵਾਰਿਕ ਮੈਂਬਰ ਨੂੰ ਬਿਨ੍ਹਾਂ ਸ਼ਰਤ ਨੌਕਰੀ ਦੇਣ, ਰੈਗੂਲਰ ਕਰਨ ’ਚ ਲੱਗਦੇ ਸਮੇਂ ਦੌਰਾਨ ਬਰਾਬਰ ਕੰਮ ਬਰਾਬਰ ਤਨਖ਼ਾਹ ਲਾਗੂ ਕਰਨ ਵਰਗੀਆਂ ਮੰਗਾਂ ’ਤੇ ਕੋਈ ਗੌਰ ਨਹੀਂ ਕੀਤਾ ਜਾ ਰਿਹਾ, ਉਪਰੋਂ ਕੋਰੋਨਾਕਾਲ ਦੌਰਾਨ ਉਹ ਆਪਣੀਆਂ ਜਾਨਾਂ ਜੋਖ਼ਮ ’ਚ ਪਾਕੇ ਡਿਊਟੀਆਂ ਕਰ ਰਹੇ ਹਨ। ਵਫ਼ਦ ਨੇ ਹੁਣ ਕੋਰੋਨਾ ਡਿਊਟੀਆਂ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਇਸ ਮੌਕੇ ਰਾਜ ਕੁਮਾਰ, ਗੁਰਪਾਲ ਸਿੰਘ, ਗੋਲਡੀ ਕੁਮਾਰ ਆਦਿ ਹਾਜ਼ਰ ਸਨ।