- ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਕੋਰੋਨਾ ਮਰੀਜ਼ਾਂ ਦੀ ਸਹੂਲਤ ਲਈ ਆਰਜ਼ੀ ਕੇਂਦਰ ਸਥਾਪਿਤ
- ਰੂਸ ਤੋਂ ਵਿਸ਼ੇਸ਼ ਤੌਰ ਤੇ ਮੰਗਵਾਏ ਕਾਨਸੰਟ੍ਰੇਟਰਾਂ ਰਾਹੀਂ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ- ਬੀਬੀ ਜਗੀਰ ਕੌਰ
- ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਤਲਵੰਡੀ ਸਾਬੋ, ਭੁੱਲਥ ਤੇ ਪਟਿਆਲਾ ਵਿਖੇ 3 ਅਜਿਹੀਆਂ ਹੋਰ ਸਹੂਲਤਾਂ ਸ਼ੁਰੂ ਕਰਨ ਦਾ ਕੀਤਾ ਐਲਾਨ
- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਆਕਸੀਜ਼ਨ ਕੰਸੈਂਟ੍ਰੇਟਰ ਦਰਾਮਦ ਵੀ ਕਰ ਰਹੀ ਹੈ
ਲੁਧਿਆਣਾ, 6 ਮਈ 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ 25 ਬੈਡਾਂ ਦੇ ਕੋਰੋਨਾ ਕੇਅਰ ਸੈਂਟਰ ਦੀ ਸ਼ੁਰੂਆਤ ਕੀਤੀ ਜਿਥੇ ਕੋਰੋਨਾ ਮਰੀਜ਼ਾਂ ਦੀ ਮੁਫਤ ਸਿਹਤ ਸੰਭਾਲ ਕੀਤੀ ਜਾਵੇਗੀ।
ਇਸ ਸਹੂਲਤ ਦਾ ਉਦਘਾਟਨ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਹਸਪਤਾਲ ਮਰੀਜ਼ਾਂ ਨੂੰ ਮੁਫਤ ਆਕਸੀਜ਼ਨ ਤੇ ਦਵਾਈਆਂ ਪ੍ਰਦਾਨ ਕਰੇਗਾ ਤੇ ਇਸਦਾ ਪ੍ਰਬੰਧ ਗੁਰੂ ਰਾਮ ਦਾਸ ਮੈਡੀਕਲ ਕਾਲਜ ਤੇ ਹਸਪਤਾਲ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਸੰਭਾਲੇਗਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਕੋਰੋਨਾ ਕੇਅਰ ਸੈਂਟਰ ਦੇ ਨੇੜੇ ਇਕ ਪੂਰੀ ਤਰ੍ਹਾਂ ਲੈਸ ਐਂਬੂਲੈਂਸ ਵੀ ਤਾਇਨਾਤ ਕੀਤੀ ਜਾਵੇਗੀ ਤਾਂ ਜੋ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਲਿਆਂਦਾ ਜਾ ਸਕੇ ਤੇ ਲੋੜ ਪੈਣ ’ਤੇ ਉਹਨਾਂ ਨੂੰ ਨੇੜਲੇ ਸੁਪਰ ਸਪੈਸ਼ਲਟੀ ਹਸਪਤਾਲ ਵਿਚ ਸ਼ਿਫਟ ਕੀਤਾ ਜਾ ਸਕੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਕਮੇਟੀ ਨੂੰ ਪ੍ਰੇਰਿਤ ਕਰਨ ਦਾ ਸਿਹਰਾ ਦਿੰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਲਦੀ ਹੀ ਤਲਵੰਡੀ ਸਾਬੋ ਵਿਖੇ ਦਮਦਮਾ ਸਾਹਿਬ, ਭੁੱਲਥ ਅਤੇ ਪਟਿਆਲਾ ਵਿਖੇ ਵੀ ਅਜਿਹੀਆਂ ਸਹੂਲਤਾਂ ਜਲਦੀ ਹੀ ਸ਼ੁਰੂ ਕੀਤੀਆਂ ਜਾਣਗੀਆਂ ਜਿਹਨਾਂ ਵਾਸਤੇ ਆਕਸੀਜ਼ਨ ਕੰਸੈਂਟ੍ਰੇਟਰ ਦਰਾਮਦ ਕੀਤੇ ਜਾ ਰਹੇ ਹਨ।
ਸ਼੍ਰੋਮਣੀ ਕਮੇਟੀ ਨੂੰ ਮਨੁੱਖਤਾ ਦੀ ਮਦਦ ਵਾਸਤੇ ਨਿਤਰਣ ਲਈ ਵਧਾਈ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਸੀ ਤੇ ਸ਼੍ਰੋਮਣੀ ਕਮੇਟੀ ਨੇ ਇਹ ਸੇਵਾ ਕਰ ਕੇ ਮੌਕਾ ਸੰਭਾਲਿਆ ਹੈ।
ਇਕ ਵੀਡੀਓ ਸੰਦੇਸ਼ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੂੰ ਇਹ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦੁਨੀਆਂ ਦੇ ਵੱਖ ਵੱਖ ਮੁਲਕਾਂ ਤੋਂ ਸੈਂਕੜੇ ਆਕਸੀਜ਼ਨ ਕੰਸੈਂਟ੍ਰੇਟਰ ਦਰਾਮਦ ਕਰ ਰਹੀ ਹੈ ਤਾਂ ਜੋ ਇਸ ਸੰਕਟ ਦੀ ਘੜੀ ਵਿਚ ਪੰਜਾਬੀਆਂ ਦੀ ਜਾਨ ਬਚਾਈ ਜਾ ਸਕੇ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪਲ ਕੀਤੀ ਕਿ ਉਹ ਲੋਕਾਂ ਦੀ ਜਾਨ ਬਚਾਉਣ ਲਈ ਯਤਨ ਤੇਜ਼ ਕਰਨ ਅਤੇ 5000 ਆਕਸੀਜ਼ਨ ਕੰਸੈਂਟ੍ਰੇਟਰਾਂ ਦੇ ਨਾਲ ਨਾਲ 50 ਲੱਖ ਵੈਕਸੀਨਾਂ ਦਾ ਪ੍ਰਬੰਧ ਸੂਬੇ ਦੇ ਲੋਕਾਂ ਵਾਸਤੇ ਕਰਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੁੰ ਇਹ ਵੀ ਅਪੀਲ ਕੀਤੀ ਕਿ ਉਹ ਪ੍ਰਾਈਵੇਟ ਹਸਪਤਾਲਾਂ ਤੋਂ ਮਰੀਜ਼ਾਂ ਦੇ ਭੱਜ ਜਾਣ ਨੁੰ ਰੋਕਣ ਵਾਸਤੇ ਵੀ ਪ੍ਰਬੰਧ ਕਰਨ। ਉਹਨਾਂ ਕਿਹਾ ਕਿ ਉਹਨਾਂ ਨੂੰ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਅਣਗਿਣਤ ਫੋਨ ਆ ਰਹੇ ਹਨ ਕਿ ਪ੍ਰਾਈਵੇਟ ਹਸਪਤਾਲ ਢਾਈ ਲੱਖ ਤੋਂ ਲੈ ਕੇ 5 ਲੱਖ ਰੁਪਏ ਤੱਕ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੁੰ ਮੈਡੀਕਲ ਸੰਭਾਲ ਲਈ ਚਾਰਜਿਜ਼ ਫਿਕਸ ਕਰ ਦੇਣੇ ਚਾਹੀਦੇ ਹਨ ਅਤੇ ਨਾਲ ਹੀ ਸਰਕਾਰੀ ਫੰਡਾਂ ਦੀ ਵਰਤੋਂ ਕਰ ਕੇ ਇਲਾਜ ਦਾ ਖਰਚ ਸਸਤਾ ਕਰਨਾ ਚਾਹੀਦਾ ਹੈ।