ਖੇਤ ਮਜ਼ਦੂਰ ਕਰਨਗੇ ਕਰੋਨਾ ਦੇ ਨਾਂ 'ਤੇ ਲਾਈਆਂ ਪਾਬੰਦੀਆਂ ਦਾ ਵਿਰੋਧ - ਨਸਰਾਲੀ
ਅਸ਼ੋਕ ਵਰਮਾ
ਬਠਿੰਡਾ, 7 ਮਈ 2021 - ਕੇਂਦਰ ਦੀ ਮੋਦੀ ਹਕੂਮਤ ਤੇ ਸੂਬਾ ਸਰਕਾਰਾਂ ਵਲੋਂ ਕਰੋਨਾ ਦੇ ਨਾਂ 'ਤੇ ਲਾਈਆਂ ਪਾਬੰਦੀਆਂ ਦਾ ਵਿਰੋਧ ਕਰਨ ਲਈ ਖੇਤ ਮਜ਼ਦੂਰ 8 ਮਈ ਨੂੰ ਸ਼ਹਿਰੀ ਦੁਕਾਨਦਾਰਾਂ, ਛੋਟੇ ਕਾਰੋਬਾਰੀਆ, ਰੇਹੜੀ ਫੜੀ ਵਾਲਿਆਂ ਅਤੇ ਹੋਰ ਸ਼ਹਿਰੀ ਮਜ਼ਦੂਰਾਂ ਦੇ ਕੰਮਾਂ ਧੰਦਿਆਂ ਦੀ ਹੋ ਰਹੀ ਬਰਬਾਦੀ ਵਿਰੁੱਧ ਇੱਕਜੁੱਟ ਹੋ ਕੇ ਸੜਕਾਂ 'ਤੇ ਆਉਣਗੇ।ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਸਰਕਾਰ ਵੱਲੋਂ ਲੋਕਾਂ 'ਤੇ ਲਾਈਆਂ ਜ਼ਬਰੀ ਪਾਬੰਦੀਆਂ ਦੀ ਕਰੜੇ ਸ਼ਬਦਾਂ ਵਿੱਚ ਅਲੋਚਨਾ ਕਰਦਿਆਂ ਕਿਹਾ ਹੈ ਕਿ ਮੋਦੀ ਹਕੂਮਤ ਤੇ ਸੂਬਾ ਸਰਕਾਰਾਂ ਕਰੋਨਾ ਮਾਹਾਮਾਰੀ ਨੂੰ ਰੋਕਣ ਵਿੱਚ ਅਸਫਲ ਰਹੀਆਂ ਹਨ ਅਤੇ ਹੁਣ ਇਨ੍ਹਾਂ ਨਾਕਾਮੀਆ ਨੂੰ ਲੁਕਾਉਣ ਲਈ ਲੋਕਾਂ 'ਤੇ ਕਟਕ ਚਾੜਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੋਕ ਸਿਹਤ ਸਬੰਧੀ ਬੁਨਿਆਦੀ ਸਹੂਲਤਾਂ ,ਆਕਸੀਜਨ, ਦਵਾਈਆਂ ਤੇ ਬੈਡਾਂ ਦੀ ਘਾਟ ਕਾਰਨ ਮਰ ਰਹੇ ਹਨ। ਪਰ ਸਰਕਾਰ ਸਿਹਤ ਸਹੂਲਤਾਂ ਦਾ ਪਰਬੰਧ ਕਰਨ ਦੀ ਵਜਾਏ ਤਾਲਾਬੰਦੀਆ ਕਰਨ ਦੇ ਫਰਮਾਨ ਕਰ ਰਹੀ ਹੈ। ਦੁੱਖ ਦੀ ਇਸ ਘੜੀ ਵਿਚ ਮਜਦੂਰ ਯੂਨੀਅਨ ਕਿਸਾਨਾਂ ਤੇ ਹੋਰ ਜੱਥੇਬੰਦੀਆਂ ਵੱਲੋਂ ਸ਼ਹਿਰ ਵਿਚ ਕੀਤੇ ਜਾ ਰਹੇ ਮਾਰਚ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰੇਗੀ। ਉਨ੍ਹਾਂ ਸ਼ਹਿਰੀ ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ, ਰੇਹੜੀ ਫੜੀ ਵਾਲਿਆਂ ਅਤੇ ਸ਼ਹਿਰੀ ਕਮਾਊ ਲੋਕਾਂ ਨੂੰ ਆਪੋ ਆਪਣੇ ਕਾਰੋਬਾਰਾ ਤੇ ਦੁਕਾਨਾਂ ਨੂੰ ਖੋਹਲਦੇ ਹੋਏ ਇਨਾਂ ਮਾਰਚਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾ ਕਿ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਅਤੇ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਨੂੰ ਖਤਮ ਕਰਵਾਉਣ ਲਈ ਚਲਦੇ ਸੰਘਰਸ਼ ਨੂੰ ਕੁਚਲਣ ਦੀ ਨੀਤੀ ਨੂੰ ਠੱਲ੍ਹਿਆ ਜਾ ਸਕੇ।