ਅਮਰੀਕਾ: ਬੱਚਿਆਂ ਨਾਲ ਭਰੀ ਐਲੀਮੈਂਟਰੀ ਸਕੂਲ ਬੱਸ ਨੂੰ ਫੌਜ ਦੇ ਟਰੇਨੀ ਜਵਾਨ ਨੇ ਕੀਤਾ ਅਗਵਾ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 7 ਮਈ 2021 - ਕੈਰੋਲਿਨਾ ਵਿੱਚ ਸੈਨਾ ਦੇ ਇੱਕ ਟਰੇਨੀ ਜਵਾਨ ਨੇ ਸਕੂਲੀ ਬੱਚਿਆਂ ਨਾਲ ਭਰੀ ਬੱਸ ਨੂੰ ਅਗਵਾ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਫੋਰਟ ਜੈਕਸਨ ਦਾ ਇੱਕ ਟਰੇਨੀ ਵਿਅਕਤੀ 18 ਬੱਚਿਆਂ ਸਮੇਤ ਦੱਖਣੀ ਕੈਰੋਲਿਨਾ ਐਲੀਮੈਂਟਰੀ ਸਕੂਲ ਬੱਸ ਨੂੰ ਅਗਵਾ ਕਰਨ ਦੇ ਬਾਅਦ ਹਿਰਾਸਤ ਵਿੱਚ ਹੈ। ਇਸ ਸੰਬੰਧੀ ਰਿਚਲੈਂਡ ਕਾਉਂਟੀ ਸ਼ੈਰਿਫ ਲਿਓਨ ਲੋਟ ਨੇ ਕਿਹਾ ਕਿ ਐਲੀਮੈਂਟਰੀ ਵਿਦਿਆਰਥੀ ਅਤੇ ਬੱਸ ਡਰਾਈਵਰ ਸੁਰੱਖਿਅਤ ਹਨ। ਫੋਰਟ ਜੈਕਸਨ ਕਮਾਂਡਰ ਜਨਰਲ ਮਿਲਫੋਰਡ ਐਚ. ਬੀਗਲ ਜੂਨੀਅਰ ਅਨੁਸਾਰ ਇਸ 23 ਸਾਲਾ ਸਿਖਿਆਰਥੀ ਦੇ ਹਥਿਆਰ ਵਿੱਚ ਅਸਲਾ ਨਹੀਂ ਸੀ।
ਲੋਟ ਅਤੇ ਬੀਗਲ ਦੇ ਅਨੁਸਾਰ ਇਹ ਘਟਨਾ ਵੀਰਵਾਰ ਸਵੇਰੇ 7 ਵਜੇ ਦੇ ਕਰੀਬ ਸ਼ੁਰੂ ਹੋਈ ਜਦੋਂ ਸ਼ੱਕੀ ਵਿਅਕਤੀ ਕਥਿਤ ਤੌਰ 'ਤੇ ਕੰਡਿਆਲੀ ਤਾਰ ਟੱਪ ਕੇ ਫੋਰਟ ਜੈਕਸਨ ਤੋਂ ਫਰਾਰ ਹੋਇਆ। ਜਿਸ ਉਪਰੰਤ ਜੋਵਾਨ ਕਾਲੇਜ਼ੋ ਨਾਮ ਦਾ ਇਹ ਟਰੇਨੀ ਬੱਸ ਵਿੱਚ ਚੜ੍ਹਿਆ ਅਤੇ ਬੱਸ ਡਰਾਈਵਰ ਨੂੰ ਬੰਦੂਕ ਦਿਖਾ ਕੇ ਅਗਲੇ ਸ਼ਹਿਰ ਲੈ ਜਾਣ ਲਈ ਕਿਹਾ। ਪੁਲਿਸ ਨੇ ਸਕੂਲ ਬੱਸ ਦੇ ਅੰਦਰੋਂ ਇੱਕ ਨਿਗਰਾਨੀ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਸ਼ੱਕੀ ਵਿਅਕਤੀ ਨੂੰ ਬੱਸ ਦੇ ਡਰਾਈਵਰ ਵੱਲ ਇੱਕ ਰਾਈਫਲ ਤਾਣਦਿਆਂ ਅਤੇ ਉਸਨੂੰ ਗੱਡੀ ਚਲਾਉਣ ਲਈ ਕਹਿੰਦਾ ਹੋਇਆ ਦਿਖਾਇਆ ਗਿਆ ਹੈ। ਤਕਰੀਬਨ ਛੇ ਮਿੰਟ ਬਾਅਦ ਬੱਚੇ ਅਤੇ ਬੱਸ ਡਰਾਈਵਰ ਸੁਰੱਖਿਅਤ ਬਾਹਰ ਨਿਕਲ ਗਏ, ਪਰ ਇਸ ਵਿਅਕਤੀ ਨੇ ਬੱਸ ਨੂੰ ਛੱਡਣ ਤੋਂ ਪਹਿਲਾਂ ਉਸ ਨੂੰ ਕੁੱਝ ਮੀਲ ਤੱਕ ਚਲਾਇਆ ਅਤੇ ਅਖੀਰ ਰਾਈਫਲ ਨੂੰ ਅੰਦਰ ਹੀ ਛੱਡ ਗਿਆ।
ਕਾਲੇਜ਼ੋ ਨੂੰ ਡਿਪਟੀ ਸੈਨਿਕਾਂ ਅਤੇ ਆਮ ਨਾਗਰਿਕਾਂ ਨੇ ਦੇਖਿਆ ਅਤੇ ਬਿਨਾਂ ਕਿਸੇ ਘਟਨਾ ਦੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਲੋਟ ਨੇ ਕਿਹਾ ਕਿ ਉਸਨੂੰ ਅਗਵਾ ਕਰਨ ਸਮੇਤ ਹੋਰਨਾਂ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਗਲ ਅਨੁਸਾਰ ਨਿਊਜਰਸੀ ਤੋਂ ਇਹ 23 ਸਾਲਾਂ ਦਾ ਟਰੇਨੀ ਜਵਾਨ ਸ਼ਾਇਦ ਆਪਣੇ ਘਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਮਾਮਲੇ ਵਿੱਚ ਫੋਰਟ ਜੈਕਸਨ ਦੇ ਅਧਿਕਾਰੀਆਂ ਨੇ ਮੁਆਫੀ ਮੰਗੀ ਹੈ।