ਮੁਕਤਸਰ: ਇੱਕੋ ਰਾਤ ਹੀ ਚੋਰ ਉਡਾ ਲੈ ਗਏ 12 ਟਰਾਂਸਫਾਰਮਰਾਂ ’ਚੋਂ ਤਾਂਬਾ, ਕਿਸਾਨਾਂ ਨੇ ਸੁਣਾਇਆ ਦੁੱਖੜਾ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 10 ਮਈ 2021-ਇਸ ਖੇਤਰ ਅੰਦਰ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਬੀਤੀ ਰਾਤ ਚੋਰਾਂ ਨੇ ਪਿੰਡ ਦੋਦਾ ਦੇ ਕੋਠੇ ਰਣ ਸਿੰਘ ਵਾਲਾ ’ਚ 12 ਟਰਾਂਸਫਾਰਮਰਾਂ ’ਚੋਂ ਤਾਂਬਾ ਚੋਰੀ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ Çੰਦੰਦਿਆਂ ਪਿੰਡ ਵਾਸੀਆਂ ਮਲਕੀਤ ਸਿੰਘ, ਹਰਦੇਵ ਸਿੰਘ, ਗੁਰਤੇਜ ਸਿੰਘ ਨੇ ਦੱਸਿਆ ਕਿ ਸਾਡੇ ਖੇਤ ਸਰਹੰਦ ਨਹਿਰ ਦੇ ਨਾਲ ਲੱਗਦੇ ਹਨ ਅਤੇ ਜਦ ਅਸੀ ਅੱਜ ਸਵੇਰੇ ਖੇਤ ਜਾ ਕੇ ਵੇਖਿਆ ਤਾਂ ਵੱਖ-ਵੱਖ ਖੇਤਾਂ ’ਚ ਕੁੱਲ 12 ਟਰਾਂਸਫਾਰਮਰ, ਜਿੰਨ੍ਹਾਂ ’ਚੋਂ 6 ਟਰਾਂਸਫਾਰਮਰ ਸੇਮ ਵਾਲੀਆਂ ਮੋਟਰਾਂ ਜੋ ਹੌਟ ਲਾਈਨ ’ਤੇ ਨਹਿਰ ਦੇ ਨਾਲ-ਨਾਲ ਲੱਗੀਆਂ ਹਨ ਅਤੇ 6 ਟਰਾਂਸਫਾਰਮਰ ਕਿਸਾਨਾਂ ਦੀਆਂ ਖੇਤਾਂ ਵਾਲੀਆਂ ਮੋਟਰਾਂ ਵਾਲੇ ਬਿਜਲੀ ਦੇ ਖੰਬਿਆਂ ਤੋਂ ਹੇਠਾਂ ਸੁੱਟੇ ਪਏ ਸਨ ਅਤੇ ਚੋਰਾਂ ਵੱਲੋਂ ਟਰਾਂਸਫਾਰਮਰਾਂ ’ਚੋਂ ਤਾਂਬਾ ਚੋਰੀ ਕੀਤਾ ਹੋਇਆ ਸੀ ਅਤੇ ਤੇਲ ਡੁੱਲਿਆ ਪਿਆ ਸੀ, ਜਦਕਿ ਖਾਲੀ ਖੋਖੇ ਅਤੇ ਹੋਰ ਸਮਾਨ ਖਿੱਲਰਿਆ ਪਿਆ ਛੱਡ ਗਏ ਹਨ।
ਇੱਕਤਰ ਹੋਏ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਕਣਕ ਦੀ ਫਸਲ ਤੋਂ ਬਾਅਦ ਹੁਣ ਅਗਲੀ ਫਸਲ ਲਈ ਵਾਹਣ ਤਿਆਰ ਕਰਨੇ ਹਨ, ਜਿਸ ਕਾਰਨ ਹੁਣ ਫਸਲ ਨੂੰ ਪਾਣੀ ਦੀ ਜਰੂਰਤ ਹੈ, ਪਰ ਟਰਾਂਸਫਾਰਮਰ ਚੋਰੀ ਹੋਣ ਕਾਰਨ ਕਿਸਾਨਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸਦੀ ਸੂਚਨਾ ਪਾਵਰਕਾਮ ਵਿਭਾਗ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ।