ਕੋਰੋਨਾ ਤੋਂ ਲੋਕਾਂ ਦੇ ਬਚਾਅ ਲਈ ਬਰਨਾਲਾ ਐਸ.ਐਸ.ਪੀ ਦੇ ਯਤਨਾਂ ਸਦਕਾ ਬਣਾਈ ਔਕਸੀਮੀਟਰ ਬੈਂਕ
ਕਮਲਜੀਤ ਸਿੰਘ ਸੰਧੂ
ਬਰਨਾਲਾ, 10 ਮਈ 2021 - ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸਨੂੰ ਲੈ ਕੇ ਜਿੱਥੇ ਸਰਕਾਰਾਂ ਅਤੇ ਸਿਹਤ ਵਿਭਾਗ ਵਲੋਂ ਪ੍ਰਬੰਧਾਂ ਦੇ ਯਤਨ ਕੀਤੇ ਜਾ ਰਹੇ ਹਨ, ਉਥੇ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਕੋਰੋਨਾ ਤੋਂ ਲੋਕਾਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਇਸੇ ਤਹਿਤ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਦੇ ਯਤਨਾਂ ਸਦਕਾ ਕੈਮਿਸਟ ਐਸ਼ੋਸੀਏਸ਼ਨ, ਟ੍ਰਾਈਡੈਂਟ ਗਰੁੱਪ, ਰਾਮਬਾਗ ਕਮੇਟੀ ਦੇ ਸਹਿਯੋਗ ਨਾਲ ਔਕਸੀਮੀਟਰ ਬੈਂਕ ਬਣਾਈ ਗਈ ਹੈ। ਪਹਿਲੇ ਪੜਾਅ ਤਹਿਤ 300 ਔਕਸੀਮੀਟਰ ਦੇ ਪ੍ਰਬੰਧ ਕੀਤੇ ਗਏ ਹਨ। ਇਹ ਆਕਸੀਮੀਟਰ ਕੋਈ ਵੀ ਲੋੜਵੰਦ ਲੈ ਕੇ ਜਾ ਸਕਦਾ ਹੈ, ਜਿਸ ਲਈ 1500 ਰੁਪਏ ਸਕਿਓਰਟੀ ਫ਼ੀਸ ਰੱਖੀ ਗਈ ਹੈ। ਔਕਸੀਮੀਟਰ ਮੋੜਨ ’ਤੇ ਸਕਿਓਰਟੀ ਫ਼ੀਸ ਵਾਪਸ ਕਰ ਦਿੱਤੀ ਜਾਵੇਗੀ।
ਇਸਤੋਂ ਇਲਾਵਾ ਔਕਸੀਮੀਟਰ ਲੈ ਕੇ ਜਾਣ ਵਾਲੇ ਲੋੜਵੰਦ ਨੂੰ ਥਰਮਾਮੀਟਰ, ਓਆਰਐਸ, ਮਾਸਕ, ਸੈਨੀਟਾਈਜ਼ਰ, ਮਲਟੀ ਵਿਟਾਮਿਨ ਅਤੇ ਸਾਬਣ ਆਦਿ ਦੀ ਕਿੱਟ ਮੁਫ਼ਤ ਦਿੱਤੀ ਜਾਵੇਗੀ।
ਇਸ ਸਬੰਧੀ ਐਸਐਸਪੀ ਬਰਨਾਲਾ ਸੰਦੀਪ ਗੋਇਲ ਨੇ ਦੱਸਿਆ ਕਿ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਇੱਕ ਥਾਂ ’ਤੇ ਇਕਜੁੱਟ ਕੇ ਇਹ ਉਪਰਾਲਾ ਕਰ ਰਹੀਆਂ ਹਨ। ਇਹ ਔਕਸੀਮੀਟਰ ਬੈਂਕ ਦੀ ਸ਼ੁਰੂਆਤ ਬਰਨਾਲਾ ਨਿਵਾਸੀਆਂ ਲਈ ਬੇਹੱਦ ਲਾਹੇਵੰਦ ਹੋਵੇਗੀ।
ਉਥੇ ਇਸ ਮੌਕੇ ਰਾਮਬਾਗ ਕਮੇਟੀ ਦੇ ਪ੍ਰਧਾਨ ਭਾਰਤ ਮੋਦੀ ਅਤੇ ਕੈਮਿਸਟ ਐਸ਼ੋਸੀਏਸ਼ਨ ਦੇ ਮੀਤ ਪ੍ਰਧਾਨ ਡਾ.ਕਮਲਜੀਤ ਸਿੰਘ ਨੇ ਕਿਹਾ ਕਿ ਔਕਸੀਮੀਟਰ ਮੁਹਿੰਮ ਲਈ ਉਹਨਾਂ ਵਲੋਂ ਹਰ ਤਰਾਂ ਦਾ ਬਣਦਾ ਸਹਿਯੋਗ ਦਿੱਤਾ ਜਾ ਰਿਹਾ ਹੈ।