ਗਿੱਦੜਬਾਹਾ ਹਲਕੇ ’ਚ ਚਰਚੇ..ਮਨਪ੍ਰੀਤ ਬਾਦਲ ਦੀ ਬੰਦ ਪਈ ਕੋਠੀ ਖੁੱਲ੍ਹੀ, ਪੁੱਤਰ ਅਰਜਨ ਦੇ ਲੱਗੇ ਫਲੈਕਸ
ਰਾਜਵੰਤ ਸਿੰਘ
ਗਿੱਦੜਬਾਹਾ, 12 ਮਈ 2021-ਗਿੱਦੜਬਾਹਾ ਦੀ ਜ਼ਮੀਨ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੁਣ ਕਈ ਸਾਲਾਂ ਬਾਅਦ ਆਪਣੇ ਇਸ ਹਲਕੇ ’ਚ ਵਿਚਰਦੇ ਦਿਖਾਈ ਦੇਣ ਲੱਗੇ ਹਨ। ਹਾਲਾਂਕਿ ਇਸ ਸਮੇਂ ਉਹ ਬਠਿੰਡਾ ਤੋਂ ਵਿਧਾਇਕ ਹਨ, ਪਰ ਬਠਿੰਡਾ ਦੇ ਨਾਲ-ਨਾਲ ਗਿੱਦੜਬਾਹਾ ਹਲਕੇ ’ਚ ਉਨ੍ਹਾਂ ਵੱਲੋਂ ਕਈ ਸਾਲਾਂ ਬਾਅਦ ਫ਼ਿਰ ਤੋਂ ਸਰਗਰਮੀਆਂ ਸ਼ੁਰੁੂ ਕੀਤੇ ਜਾਣ ਦੇ ਚਰਚੇ ਹੋਣ ਲੱਗੇ ਹਨ।
ਗਿੱਦੜਬਾਹਾ ਦੇ ਮਲੋਟ ਰੋਡ ’ਤੇ ਬੰਦ ਪਈ ਮਨਪ੍ਰੀਤ ਬਾਦਲ ਦੀ ਕੋਠੀ ਫ਼ਿਰ ਤੋਂ ਖੋਲ੍ਹ ਦਿੱਤੀ ਗਈ ਹੈ ਤੇ ਕੋਠੀ ’ਚ ਪੁੱਤਰ ਅਰਜਨ ਬਾਦਲ ਨੂੰ ਪਹਿਲ ਦਿੰਦਿਆਂ ਫਲੈਕਸ ਬੋਰਡ ਵੀ ਲੱਗ ਗਏ ਹਨ। ਚਰਚਾ ਇਹ ਹੋ ਰਹੀ ਹੈ ਕਿ ਮਨਪ੍ਰੀਤ ਬਾਦਲ ਦਾ ਪਰਿਵਾਰ ਹੁਣ ਅਰਜਨ ਬਾਦਲ ਨੂੰ ਗਿੱਦੜਬਾਹਾ ਤੋਂ ਵਿਧਾਇਕ ਲਈ ਉਮੀਦਵਾਰ ਬਣਾਉਣ ਦੀ ਸੋਚ ਰਿਹਾ ਹੈ, ਪਰ ਮੌਜੂਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਮੁੱਖ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਵੇਖਿਆ ਗਿਆ ਹੈ ਕਿ ਮਨਪ੍ਰੀਤ ਬਾਦਲ, ਜੈਜੀਤ ਜੋਜੋ ਤੇ ਹੁਣ ਅਰਜਨ ਬਾਦਲ ਵੀ ਹਲਕੇ ਦਾ ਦੌਰਾ ਕਰਨ ਲੱਗੇ ਹਨ। ਬੀਤੇ ਦਿਨੀਂ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਪਿਤਾ ਦੀ ਮੌਤ ’ਤੇ ਮਨਪ੍ਰੀਤ ਬਾਦਲ ਤੋਂ ਇਲਾਵਾ ਅਰਜਨ ਬਾਦਲ ਵੀ ਦੁੱਖ ਦੀ ਘੜੀ ’ਚ ਸ਼ਾਮਲ ਹੋਣ ਪੁੱਜੇ ਸਨ।