ਜੁਰਾਬਾਂ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਵੰਸ਼ ਨੂੰ ਲੁਧਿਆਣਾ DC ਨੇ ਸਕੂਲ 'ਚ ਕਰਾਇਆ ਦਾਖਲ
ਸੰਜੀਵ ਸੂਦ
- ਉਸ ਦੇ ਭਰਾ ਦਾ ਵੀ ਨੌਵੀਂ ਜਮਾਤ 'ਚ ਕਰਵਾਇਆ ਦਾਖ਼ਲਾ
- ਪਰਿਵਾਰ ਨੂੰ ਦੋ ਲੱਖ ਰੁਪਏ ਦਾ ਚੈੱਕ ਕੀਤਾ ਭੇਂਟ
ਲੁਧਿਆਣਾ, 12 ਮਈ 2021- ਲੁਧਿਆਣਾ ਵਿਚ ਜੁਰਾਬਾਂ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਵੰਸ਼ ਦਾ ਬੀਤੇ ਦਿਨੀਂ ਵੀਡੀਓ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਵੱਲੋਂ ਉਸ ਨੂੰ ਫੋਨ ਕਰਕੇ ਪਰਿਵਾਰ ਦੀ ਮਾਲੀ ਮਦਦ ਕਰਨ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ ਅੱਜ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੰਸ਼ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ ਅਤੇ ਨਾਲ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦੇ ਯਤਨਾ ਸਦਕਾ ਉਸ ਦਾ ਦਾਖ਼ਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਮਾਰਟ ਸਕੂਲ ਪੰਜਵੀਂ ਜਮਾਤ ਵਿੱਚ ਕਰਵਾ ਦਿੱਤਾ ਗਿਆ। ਨਾਲ ਹੀ ਉਸ ਦੇ ਭਰਾ ਦਾ ਦਾਖਲਾ ਵੀ ਨੌਵੀਂ ਜਮਾਤ ਵਿੱਚ ਕਰਵਾਇਆ ਗਿਆ, ਕਿਉਂਕਿ ਉਸ ਨੇ ਵੀ ਆਰਥਿਕ ਤੰਗੀ ਦੇ ਚੱਲਦਿਆਂ ਪੜ੍ਹਾਈ ਛੱਡ ਦਿੱਤੀ ਸੀ।
ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਵੱਲੋਂ ਖੁਦ ਉਸ ਦਾ ਸਕੂਲ ਦੇ ਵਿਚ ਦਾਖਲ ਕਰਵਾਇਆ ਗਿਆ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਕੀਤੇ ਗਏ ਐਲਾਨ ਦੇ ਮੱਦੇਨਜ਼ਰ ਉਸ ਨੂੰ ਦੋ ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ ਗਿਆ, ਤਾਂ ਜੋ ਪਰਿਵਾਰ ਦੀ ਆਰਥਿਕ ਮਦਦ ਹੋ ਸਕੇ। ਇਸ ਦੌਰਾਨ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਬੱਚਿਆਂ ਨੂੰ ਸਕੂਲ ਪੜ੍ਹਾਇਆ ਜਾ ਰਿਹਾ ਹੈ ਤਾਂ ਜੋ ਉਹ ਦੋਵੇਂ ਪੜ੍ਹ ਲਿਖ ਕੇ ਕੋਈ ਚੰਗਾ ਕੰਮ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਦੋਵਾਂ ਬੱਚਿਆਂ ਦੀ ਉਮਰ ਪੜ੍ਹਾਈ ਕਰਨ ਦੀ ਹੈ ਨਾ ਕਿ ਕੰਮ ਕਰਨ ਦੀ। ਇਸ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਖਰਚੇ ਉਤੇ ਮੁਫ਼ਤ ਪੜ੍ਹਾਇਆ ਜਾ ਰਿਹਾ ਹੈ।
https://www.facebook.com/BabushahiDotCom/videos/2893929480865077