ਜ਼ਿਲ੍ਹੇ ’ਚ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਖੋਲ੍ਹੇ ਜਾ ਸਕਣਗੇ ਸੈਲੂਨ-ਡੀ.ਸੀ ਮੁਕਤਸਰ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 16 ਮਈ 2021-ਡਿਪਟੀ ਕਮਿਸ਼ਨਰ ਐਮ.ਕੇ ਅਰਾਵਿੰਦ ਕੁਮਾਰ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹੁਕਮ ਜਾਰੀ ਕੀਤੇ ਸਨ। ਹੁਣ ਇੰਨ੍ਹਾਂ ਹੁਕਮਾਂ ਦੀ ਲੜੀ ਤਹਿਤ ਜ਼ਿਲ੍ਹੇ ਦੀਆਂ ਹਦੂਦ ਅੰਦਰ ਸੈਲੂਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੋਲ੍ਹਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਸੈਲੂਨ ਵਿੱਚ ਇੱਕ ਸਮੇਂ ਇੱਕ ਹੀ ਗ੍ਰਾਹਕ ਅੰਦਰ ਦਾਖਲ ਹੋਣ ਦੀ ਪ੍ਰਵਾਨਗੀ ਹੋਵੇਗੀ। ਸੈਲੂਨ ਵਿੱਚ ਕਟਿੰਗ ਕਰਨ ਵਾਲੇ ਵਿਅਕਤੀ ਵਲੋਂ ਹਰ ਸਮੇਂ ਡਬਲ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਅਤੇ ਉਸ ਵਲੋਂ ਆਪਣੇ ਹੱਥ ਸਮੇਂ-ਸਮੇਂ ’ਤੇ ਸਾਬਣ ਨਾਲ ਧੋਣੇ ਜਾਂ ਸੈਨੀਟਾਈਜ਼ ਕੀਤੇ ਜਾਣੇ ਜਰੂਰੀ ਹੋਣਗੇ।
ਡੀ.ਸੀ ਨੇ ਹਦਾਇਤ ਕੀਤੀ ਹੈ ਕਿ ਸੈਲੂਨ ਵਿੱਚ ਏ.ਸੀ ਚਲਾਉਣ ’ਤੇ ਪਾਬੰਦੀ ਹੋਵੇਗੀ ਅਤੇ ਸੈਲੂਨ ਦੇ ਦਰਵਾਜ਼ੇ ਖੋਲ੍ਹ ਕੇ ਰੱਖੇ ਜਾਣਗੇ ਅਤੇ ਐਗਜ਼ਾਸਟ ਫੈਨ ਚਲਾਏ ਜਾਣੇ ਯਕੀਨੀ ਬਣਾਏ ਜਾਣ। ਇਸ ਤੋਂ ਇਲਾਵਾ ਇਹ ਕਿਹਾ ਗਿਆ ਹੈ ਕਿ ਜਦੋਂ ਇੱਕ ਗ੍ਰਾਹਕ ਸੈਲੂਨ ਤੋਂ ਬਾਹਰ ਜਾਵੇਗਾ, ਉਸ ਤੋਂ ਬਾਅਦ ਹੀ ਦੂਸਰੇ ਗ੍ਰਾਹਕ ਨੂੰ ਅੰਦਰ ਆਉਣ ਦੀ ਆਗਿਆ ਹੋਵੇਗੀ ਅਤੇ ਉਸ ਤੋਂ ਪਹਿਲਾਂ ਕੁਰਸੀ ਅਤੇ ਸਾਰੇ ਸੰਦਾਂ ਜਿਵੇਂ ਕੈਂਚੀਆਂ, ਕੰਘੇ ਅਤੇ ਬਰਸ਼ ਆਦਿ ਨੂੰ ਸੈਨੇਟਾਈਜ਼ ਕੀਤਾ ਹੋਣਾ ਜਰੂਰੀ ਹੈ।