ਮੁਕਤਸਰ: ਪਹਿਲਾਂ ਬਦਲ ਦਿੱਤਾ ਬਜ਼ੁਰਗ ਦਾ ਏ.ਟੀ.ਐਮ ਕਾਰਡ, ਫ਼ਿਰ ਲਗਾਇਆ ਹਜ਼ਾਰਾਂ ਦਾ ਚੂਨਾ, ਪੜ੍ਹੋ ਪੂਰੀ ਖ਼ਬਰ..’’
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 16 ਮਈ 2021-ਸ਼ਹਿਰ ’ਚ ਧੋਖਾਧੜੀ ਦੇ ਵੱਧਦੇ ਮਾਮਲਿਆਂ ਤਹਿਤ ਅੱਜ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਏ.ਟੀ.ਐਮ ’ਚੋਂ ਪੈਸੇ ਕਢਵਾਉਣ ਆਏ ਬਜ਼ੁਰਗ ਤੇ ਸਾਬਕਾ ਫੌਜ਼ੀ ਦਾ ਏਟੀਐਮ ਕਾਰਡ ਬਦਲਕੇ ਦੋ ਨੌਜਵਾਨ ਉਸਨੂੰ 20 ਹਜ਼ਾਰ ਦਾ ਚੂਨਾ ਲਗਾ ਗਏ ਹਨ। ਇਹ ਘਟਨਾ ਅੱਜ ਦੁਪਹਿਰ ਦੀ ਹੈ।
ਜਾਣਕਾਰੀ ਅਨੁਸਾਰ ਸਥਾਨਕ ਬਾਬਾ ਦੀਪ ਸਿੰਘ ਨਗਰ ਦੀ ਗਲੀ ਨੰਬਰ 3-ਏ ਕੋਲ ਰਹਿੰਦੇ ਬਜ਼ੁਰਗ ਹਰੀ ਕ੍ਰਿਸ਼ਨ ਸਬਰਵਾਲ, ਜੋ ਕਿ ਸਾਬਕਾ ਫੌਜ਼ੀ ਵੀ ਹੈ, ਸ਼ਹਿਰ ਦੇ ਮਸੀਕ ਚੌਂਕ ’ਤੇ ਸਥਿਤ ਐਸ.ਬੀ.ਆਈ ਦੇ ਏ.ਟੀ.ਐਮ ਤੋਂ ਪੈਸੇ ਕਢਵਾਉਣ ਲਈ ਆਇਆ ਸੀ। ਏ.ਟੀ.ਐਮ ’ਚੋਂ ਬਜ਼ੁਰਗ ਵਾਰ-ਵਾਰ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਤਕਨੀਕੀ ਕਾਰਨਾਂ ਕਰਕੇ ਪੈਸੇ ਨਹੀਂ ਸਨ ਨਿਕਲ ਰਹੇ, ਐਨੇ ਵਿੱਚ ਪਿੱਛੇ ਖੜ੍ਹੇ ਦੋ ਨੌਜਵਾਨਾਂ ਨੇ ਹਰੀ ਕ੍ਰਿਸ਼ਨ ਨੂੰ ਪੈਸੇ ਕਢਵਾਉਣ ਲਈ ਉਸਦਾ ਏ.ਟੀ.ਐਮ ਕਾਰਡ ਮੰਗਿਆ, ਜਿਸ ’ਤੇ ਹਰੀ ਕ੍ਰਿਸ਼ਨ ਨੇ ਨੌਜਵਾਨਾਂ ਨੂੰ ਏ.ਟੀ.ਐਮ ਕਾਰਡ ਤੇ ਪਾਸਵਰਡ ਦੇ ਦਿੱਤਾ, ਜਿਸ ਤੋਂ ਬਾਅਦ ਨੌਜਵਾਨਾਂ ਨੇ ਵੀ ਕਾਫ਼ੀ ਕੋਸ਼ਿਸ ਕੀਤੀ, ਪਰ ਪੈਸੇ ਨਾ ਨਿਕਲੇ, ਜਿਸ ਤੋਂ ਬਾਅਦ ਉਨ੍ਹਾਂ ਹੁਸ਼ਿਆਰੀ ਕਰਦਿਆਂ ਬਜ਼ੁਰਗ ਦਾ ਏ.ਟੀ.ਐਮ ਬਦਲਕੇ ਉਸਨੂੰ ਕੋਈ ਹੋਰ ਕਾਰਡ ਦੇ ਦਿੱਤਾ ਤੇ ਬਜ਼ੁਰਗ ਹਰੀ ਕ੍ਰਿਸ਼ਨ ਘਰ ਚਲਾ ਗਿਆ, ਪਰ ਘਰ ਪੁੱਜਦਿਆਂ ਹੀ ਉਸਨੂੰ ਫੋਨ ’ਤੇ ਪੈਸੇ ਨਿਕਲਣ ਦੇ ਮੈਸੇਜ ਮਿਲਣ ਲੱਗੇ।
ਹਰੀ ਕ੍ਰਿਸ਼ਨ ਅਨੁਸਾਰ ਉਸਦੇ ਖਾਤੇ ’ਚੋਂ ਕ੍ਰਮਵਾਰ ਪਹਿਲਾਂ 1 ਹਜ਼ਾਰ ਤੇ ਫ਼ਿਰ 9500-9500 ਰੁਪਏ ਨਿਕਲਣ ਦੇ ਮੈਸੇਜ਼ ਮਿਲੇ ਤੇ ਕੁੱਲ 20 ਹਜ਼ਾਰ ਰੁਪਏ ਉਸਦੇ ਖ਼ਾਤੇ ’ਚੋਂ ਕੱਟੇ ਗਏ ਸਨ। ਪੀੜ੍ਹਤ ਨੇ ਦੱਸਿਆ ਕਿ ਉਸਨੇ ਤੁਰੰਤ ਹੀ ਕਸਟਮਰਕੇਅਰ ’ਤੇ ਫੋਨ ਕਰਕੇ ਆਪਣਾ ਏ.ਟੀ.ਐਮ ਕਾਰਡ ਬਲੌਕ ਕਰਵਾ ਦਿੱਤਾ, ਜਿਸ ਤੋਂ ਬਾਅਦ ਉਸਨੇ ਥਾਣਾ ਸਿਟੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ। ਪੁਲਿਸ ਹੁਣ ਦੋਵੇਂ ਨੌਜਵਾਨਾਂ ਦੀ ਤਲਾਸ਼ ਕਰ ਰਹੀ ਹੈ।