17 ਤੋਂ 20 ਮਈ ਤਕ ਡੀਸੀ ਦਫ਼ਤਰਾਂ ਮੂਹਰੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਕੀਤੇ ਜਾਣਗੇ ਰੋਸ ਪ੍ਰਦਰਸ਼ਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 16 ਮਈ 2021 - ਅੱਜ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਸੁਲਤਾਨਪੁਰ ਲੋਧੀ ਵਿਖੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਮੇਜ ਸਿੰਘ ਕਪੂਰਥਲਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ ਨੇ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ 17ਮਈ ਤੋਂ 20 ਮਈ ਤੱਕ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾ ਦੇ ਤਹਿਤ 20 ਮਈ ਨੂੰ ਸ਼ਾਲੀਮਾਰ ਬਾਗ ਵਿਖੇ ਇਕੱਠੇ ਹੋ ਕੇ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਕਪੂਰਥਲਾ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਮੀਟਿੰਗ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੁਬਾਈ ਆਗੂ ਨਿਰਮਲ ਸਿੰਘ ਸੇਰਪੁਰ ਸੱਧਾ, ਦਿਹਾਤੀ ਮਜ਼ਦੂਰ ਸਭਾ ਦੇ ਹਰਬੰਸ ਮੱਟੂ, ਖੇਤ ਮਜ਼ਦੂਰ ਸਭਾ ਦੇ ਸੁਰਜੀਤ ਠੱਟਾ ਨੇ ਕਿਹਾ ਕਿ ਕੇਂਦਰ ਸਰਕਾਰ ਕਿਰਤ ਕਾਨੂੰਨਾਂ ਚ ਕੀਤੀਆਂ ਸੋਧਾਂ ਅਤੇ ਬਿਜਲੀ ਸੋਧ ਬਿੱਲ 2020 ਤੇ ਲੋਕ ਵਿਰੋਧੀ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰੇ, ਮਜ਼ਦੂਰਾਂ ਸਿਰ ਚੜ੍ਹੇ ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਬੇਜਮੀਨੇ ਮਜ਼ਦੂਰਾਂ ਦੇ ਸਰਕਾਰੀ ਤੇ ਗੈਰ ਸਰਕਾਰੀ ਤੇ ਸਹਿਕਾਰੀ ਸਭਾਵਾਂ ਦੇ ਸਾਰੇ ਕਰਜੇ ਮੁਆਫ਼ ਕੀਤੇ ਜਾਣ, ਲੋੜਵੰਦਾਂ ਮਜ਼ਦੂਰਾਂ ਨੂੰ 10 -10 ਮਰਲੇ ਦੇ ਰਿਹਾਇਸ਼ੀ ਪਲਾਟ ਦਿੱਤੇ ਜਾਣ ਤੇ ਮਜ਼ਦੂਰਾਂ ਦੇ ਬਿਜਲੀ ਬਿੱਲ ਨਾ ਭਰ ਸਕਣ ਤੇ ਕੁਨੈਕਸ਼ਨ ਕੱਟਣੇ ਬੰਦ ਕੀਤੇ ਜਾਣ, ਪੁੱਟੇ ਮੀਟਰ ਵਾਪਿਸ ਕੀਤੇ ਜਾਣ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਤੇ ਕੈਪਟਨ ਦੀ ਸਰਕਾਰ ਮਜ਼ਦੂਰਾਂ ਨੂੰ ਕੋਈ ਰਾਹਤ ਦਿੱਤੇ ਬਗੈਰ ਬੇਲੋੜੇ ਲਾਕਡਾਉਨ ਲਾ ਕੇ ਗਰੀਬਾਂ ਦੀ ਰੋਜੀ ਰੋਟੀ ਖੋਹ ਰਹੀ ਹੈ ।ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਮੰਗਾਂ ਮਸਲਿਆਂ ਦੇ ਹੱਲ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸਰਵਨ ਸਿੰਘ ਠੱਟਾ ਪੁਰਾਣਾ , ਪਿਆਰਾ ਸਿੰਘ ਭੰਡਾਲ ਦੋਨਾਂ, ਸੁੱਚਾ ਸਿੰਘ ਨਾਸੀਰੇਵਾਲ ਆਦਿ ਹਾਜਰ ਸਨ ।