ਪਤਨੀ ਦਾ ਬੇਰਹਿਮੀ ਨਾਲ ਕਤਲ, ਕਾਤਲ ਵੱਲੋਂ ਖੁਦਕਸ਼ੀ
ਅਸ਼ੋਕ ਵਰਮਾ
ਬਠਿੰਡਾ, 9 ਜੂਨ 2021 - ਬਠਿੰਡਾ ਜ਼ਿਲ੍ਹੇ ਦੇ ਪਿੰਡ ਭਾਈ ਬਖਤੌਰ ਵਿੱਚ ਆਪਣੀ ਪਤਨੀ ਨੂੰ ਕਤਲ ਕਰਨ ਵਾਲੇ ਗੁਰਮੀਤ ਸਿੰਘ ਪੁੱਤਰ ਪੂਰਨ ਸਿੰਘ ਵੱਲੋਂ ਖੁਦਕਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਮੀਤ ਸਿੰਘ ਨੇ ਨਸ਼ੇ ’ਚ ਟੱਲੀ ਹੋਕੇ ਕਹੀ ਨਾਲ ਵਲਾ ਵੱਢ ਕੇ ਸੁੱਤੀ ਪਈ ਆਪਣੀ ਪਤਨੀ ਬਿੰਦਰ ਕੌਰ ਦਾ ਕਤਲ ਕਰ ਦਿੱਤਾ ਅਤੇ ਖੁਦ ਫਰਾਰ ਹੋ ਗਿਆ ਸੀ। ਥਾਣਾ ਕੋਟਫੱਤਾ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਭਜਨ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਸਿਵੀਆਂ ਦੇ ਬਿਆਨਾਂ ’ਤੇ ਗੁਰਮੀਤ ਸਿੰਘ ਖਿਲਾਫ ਧਾਰਾ 302 ਤਹਿਤ ਮੁਕੱਦਮਾ ਦਰਜ ਕੀਤਾ ਸੀ। ਬਿੰਦਰ ਕੌਰ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਹੋਣ ਕਰਕੇ ਪਿਛਲੇ ਸੱਤ ਵਰ੍ਹਿਆਂ ਤੋਂ ਆਪਣੇ ਪੇਕੇ ਪਿੰਡ ਸਿਵੀਆਂ ਰਹਿ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬਿੰੰਦਰ ਕੌਰ ਦੋ ਦਿਨ ਪਹਿਲਾਂ ਹੀ ਸੌਹਰੇ ਘਰ ਵਾਪਿਸ ਪਰਤੀ ਸੀ। ਬਿੰਦਰ ਕੌਰ ਦਾ ਵਿਆਹ ਕਰੀਬ 20 ਸਾਲ ਪਹਿਲਾਂ ਭਾਈ ਬਖਤੌਰ ਦੇ ਗੁਰਮੀਤ ਸਿੰਘ ਨਾਲ ਹੋਇਆ ਸੀ ਜਿਸ ਦੇ ਘਰ ਇੱਕ ਲੜਕਾ ਅਤੇ ਲੜਕੀ ਪੈਦਾ ਹੋਏ ਸਨ।
ਲੜਕੇ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਕੁੱਝ ਸਮਾਂ ਪਹਿਲਾਂ ਆਤਮਹੱਤਿਆ ਕਰ ਲਈ ਸੀ ਜਦੋਂਕਿ ਲੜਕੀ ਪੜ੍ਹਾਈ ਕਰ ਰਹੀ ਹੈ। ਗੁਰਮੀਤ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਜਿਸ ਨੂੰ ਲੈਕੇ ਉਸਦਾ ਬਿੰਦਰ ਕੌਰ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਜਿਸ ਕਰਕੇ ਉਹ ਆਪਣੇ ਪੇਕੇ ਰਹਿ ਰਹੀ ਸੀ। ਕਤਲ ਵਾਲੀ ਰਾਤ ਵੀ ਗੁਰਮੀਤ ਸਿੰਘ ਸ਼ਰਾਬ ਪੀਕੇ ਆਇਆ ਤਾਂ ਉਸ ਦੀ ਆਪਣੀ ਪਤਨੀ ਨਾਲ ਲੜਾਈ ਹੋ ਗਈ ਪਰ ਆਂਢੀਆਂ ਗੁਆਂਢੀਆਂ ਨੇ ਆ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ। ਇਸੇ ਦੌਰਾਨ ਰਾਤ ਨੂੰ ਗੁਰਮੀਤ ਸਿੰਘ ਉੱਠਿਆ ਅਤੇ ਸੁੱਤੀ ਪਈ ਆਪਣੀ ਪਤਨੀ ਦੀ ਗਰਦਨ ਤੇ ਕਈ ਵਾਰ ਕਰ ਦਿੱਤੇ। ਗੁਰਮੀਤ ਸਿੰਘ ਘਰ ਨੂੰ ਜਿੰਦਰਾ ਮਾਰ ਕੇ ਫਰਾਰ ਹੋ ਗਿਆ। ਜਦੌਂ ਇਹ ਘਟਨਾ ਵਾਪਰੀ ਤਾਂ ਮ੍ਰਿਤਕਾ ਦੀ ਲੜਕੀ ਆਪਣੇ ਚਾਚੇ ਦੇ ਘਰ ਸੁੱਤੀ ਹੋਈ ਸੀ। ਆਂਢੀਆਂ ਗੁਆਂਢੀਆਂ ਨੇ ਜਿੰਦਰਾ ਲੱਗਿਆ ਦੇਖ ਕੰਧ ਟੱਪਕੇ ਅੰਦਰ ਦੇਖਿਆ ਤਾਂ ਬਿੰਦਰ ਕੌਰ ਬਿਸਤਰੇ ’ਚ ਮਰੀ ਪਈ ਸੀ।
ਜਲ ਘਰ ਦੀ ਡਿੱਗੀ ’ਚ ਖੁਦਕਸ਼ੀ
ਜਾਣਕਾਰੀ ਅਨੁਸਾਰ ਆਪਣੀ ਪਤਨੀ ਨੂੰ ਕਤਲ ਕਰਨ ਦੇ ਜੁਰਮ ’ਚ ਫਰਾਰ ਚੱਲ ਰਹੇ ਗੁਰਮੀਤ ਸਿੰਘ ਨੇ ਜਲ ਘਰ ਦੀ ਡਿੱਗੀ ’ਚ ਛਾਲ ਮਾਰ ਕੇ ਖੁਦਕਸ਼ੀ ਕੀਤੀ ਹੈ। ਅੱਜ ਸਵੇਰ ਵਕਤ ਪਿੰਡ ਘਸੋਖਾਨਾ ਦੇ ਲੋਕਾਂ ਨੇ ਆਪਣੇ ਪਿੰਡ ਦੇ ਜਲ ਘਰ ਦੀ ਪਾਣੀ ਵਾਲੀ ਡਿੱਗੀ ’ਚ ਲਾਸ਼ ਤੈਰਦੀ ਦੇਖੀ ਜਿੰਨ੍ਹਾਂ ਥਾਣਾ ਮੋੜ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਆਕੇ ਲਾਸ਼ ਨੂੰ ਡਿੱਗੀ ਵਿੱਚੋਂ ਬਾਹਰ ਕੱਢਿਆ। ਪੁਲਿਸ ਨੇ ਲਾਸ਼ ਦੀ ਸ਼ਿਨਾਖਤ ਗੁਰਮੀਤ ਸਿੰਘ ਵਾਸੀ ਭਾਈ ਬਖਤੌਰ ਵਜੋਂ ਕੀਤੀ ਜਿਸ ਨੇ ਆਪਣੀ ਪਤਨੀ ਬਿੰਦਰ ਕੌਰ ਨੂੰ ਕਤਲ ਕਰ ਦਿੱਤਾ ਸੀ। ਪੁਲਿਸ ਇਸ ਸਬੰਧ ’ਚ ਅਗਲੀ ਕਾਰਵਾਈ ਕਰ ਰਹੀ ਹੈ।