ਪਿੰਡ ਠੱਟਾ ਨਵਾਂ ਵਿਖੇ ਛੱਪੜ ਦੇ ਨਵੀਨੀਕਰਨ ਦਾ ਐਮ ਐਲ ਏ ਚੀਮਾ ਨੇ ਕੀਤਾ ਆਰੰਭ
ਬਲਵਿੰਦਰ ਸਿੰਘ ਧਾਲੀਵਾਲ
- ਹਲਕੇ ਅੰਦਰ ਥਾਪਰ ਮਾਡਲ ਤਹਿਤ ਛੱਪੜਾਂ ਦਾ ਨਵੀਨੀਕਰਨ ਹੋ ਰਿਹਾ -ਵਿਧਾਇਕ ਚੀਮਾ
ਸੁਲਤਾਨਪੁਰ ਲੋਧੀ 10 ਜੂਨ 2021 - ਬਲਾਕ ਸੁਲਤਾਨਪੁਰ ਲੋਧੀ ਦੇ ਸਮੁੱਚੇ ਪਿੰਡਾਂ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਕੀਤਾ ਗਿਆ ਹੈ ਜਿਸ ਤਹਿਤ ਪਿੰਡਾਂ ਦੇ ਛੱਪੜਾਂ ਦੀ ਸਫਾਈ ਕਰਨ ਦਾ ਕਾਰਜ ਅਤੇ ਛੱਪੜਾਂ ਨੂੰ ਥਾਪਰ ਮਾਡਲ ਤਹਿਤ ਨਵੀਨੀਕਰਨ ਕਰਕੇ ਵਿਕਸਤ ਕੀਤਾ ਜਾ ਰਿਹਾ ਹੈ ਇਹ ਸ਼ਬਦ ਪਿੰਡ ਠੱਟਾ ਨਵਾਂ ਵਿਖੇ ਥਾਪਰ ਮਾਡਲ ਤਹਿਤ 30 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਦੇ ਨਵੀਨੀਕਰਨ ਦਾ ਸ਼ੁਭ ਆਰੰਭ ਕਰਨ ਉਪਰੰਤ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਹਰੇਕ ਜਿਲ੍ਹੇ ਅੰਦਰ ਥਾਪਰ ਮਾਡਲ ਤਹਿਤ ਬਹੁਤ ਸਾਰੇ ਛੱਪੜਾਂ ਦਾ ਨਵੀਨੀਕਰਨ ਹੋ ਰਿਹਾ ਹੈ ਜਿਸ ਤਹਿਤ ਬਲਾਕ ਸੁਲਤਾਨਪੁਰ ਲੋਧੀ ਦੇ ਬਹੁਤ ਸਾਰੇ ਪਿੰਡਾਂ ਵਿੱਚ ਇਸ ਮਾਡਲ ਨੂੰ ਅਪਨਾਇਆ ਜਾ ਰਿਹਾ ਹੈ ਤੇ ਗੰਦੇ ਪਾਣੀ ਨੂੰ ਸਾਫ ਕਰਕੇ ਖੇਤਾਂ ਨੂੰ ਲਗਾਉਣ ਦੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਥਾਪਰ ਮਾਡਲ ਤਹਿਤ ਪਿੰਡ ਦੇ ਇੱਕ ਛੱਪੜ ‘ਤੇ ਲੱਖਾਂ ਰੁਪਏ ਦਾ ਖਰਚ ਆਉਂਦਾ ਹੈ।ਉਹਨਾਂ ਕਿਹਾ ਕਿ ਇਸ ਤਰ੍ਹਾ ਛੱਪੜਾਂ ਨੂੰ ਵਿਕਸਤ ਕਰਨ ਨਾਲ ਜਿੱਥੇ ਵਾਤਾਵਰਣ ਦੀ ਸ਼ੁਧਤਾ ਲਈ ਅਹਿਮ ਹੈ ਉਥੇ ਹੀ ਪਿੰਡਾਂ ਦੇ ਸਰਵਪੱਖੀ ਵਿਕਾਸ ਹੋਣ ਦੇ ਨਾਲ ਨਾਲ ਪਿੰਡਾਂ ਨੂੰ ਇੱਕ ਨਵੀਂ ਦਿੱਖ ਵੀ ਪ੍ਰਦਾਨ ਕਰਦਾ ਹੈ।ਵਿਧਾਇਕ ਚੀਮਾ ਨੇ ਦੱਸਿਆ ਕਿ ਥਾਪਰ ਮਾਡਲ ਤਹਿਤ ਬਲਾਕ ਦੇ ਕੁਝ ਪਿੰਡਾਂ ਨੂੰ ਜੋੜਿਆ ਗਿਆ ਹੈ ਤੇ ਬਾਕੀ ਦੇ ਪਿੰਡਾਂ ਵਿੱਚ ਛੱਪੜਾਂ ਦੀ ਸਫਾਈ ਦਾ ਕਾਰਜ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।ਛੱਪੜਾਂ ਦੀ ਸਫਾਈ ਕਰਵਾਉਣ ਨਾਲ ਗੰਦੇ ਪਾਣੀ ਦੀ ਸਮੱਸਿਆ ਤੋਂ ਨਗਰ ਨਿਵਾਸੀਆਂ ਨੂੰ ਨਿਜਾਤ ਮਿਲੇਗੀ ਤੇ ਛੱਪੜਾਂ ਦੀ ਸਫਾਈ ਦਾ ਕਾਰਜ ਕਰਵਾ ਕੇ ਪਾਣੀ ਖੇਤਾਂ ਨੂੰ ਲਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਉਹਨਾਂ ਹਲਕੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਲੇ ਦੁਆਲੇ ਦੀ ਹਰਿਆਲੀ ਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਆਪਣੇ ਘਰਾਂ ਦਾ ਕੂੜਾ ਛੱਪੜਾਂ ਵਿੱਚ ਨਾ ਸੁਟਿਆ ਜਾਵੇ ਤਾਂ ਜੋ ਸਾਫ ਸਫਾਈ ਬਣੀ ਰਹਿ ਸਕੇ ਅਤੇ ਨਾਲੀਆਂ ਜਾਂ ਸੀਵਰੇਜ ਬੰਦ ਨਾ ਹੋਣ। ਇਸ ਤੋਂ ਪਹਿਲਾਂ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਸਰਪੰਚ ਬਲਵਿੰਦਰ ਕੌਰ, ਪੰਚ ਬਲਜਿੰਦਰ ਸਿੰਘ, ਸਵਰਨ ਸਿੰਘ, ਨਛੱਤਰ ਸਿੰਘ, ਪਰਮਿੰਦਰ ਕੌਰ, ਬਲਜਿੰਦਰ ਕੌਰ, ਗੁਰਮੀਤ ਕੌਰ, ਚਰਨਜੀਤ ਕੌਰ ਤੇ ਹੋਰ ਪਤਵੰਤਿਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ।
ਇਸ ਮੌਕੇ ਸਰਪੰਚ ਬਲਵਿੰਦਰ ਕੌਰ ਤੇ ਉਹਨਾਂ ਦੇ ਪਤੀ ਮਲਕੀਤ ਸਿੰਘ ਨੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਬੀਡੀਪੀਓ ਗੁਰਪ੍ਰਤਾਪ ਸਿੰਘ ਗਿੱਲ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਦੇ ਅਣਥੱਕ ਯਤਨਾ ਸਦਕਾ ਉਹਨਾਂ ਦੇ ਨਗਰ ਦਾ ਬਹੁਪੱਖੀ ਵਿਕਾਸ ਨਿਰੰਤਰ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਮਾ. ਨਿਰੰਜਣ ਸਿੰਘ, ਇੰਦਰਜੀਤ ਸਿੰਘ ਬਜਾਜ,ਸੁਖਵਿੰਦਰ ਸਿੰਘ ਸੌਂਦ, ਐਡ. ਬਲਵਿੰਦਰ ਸਿੰਘ, ਮਾ. ਜੋਗਿੰਦਰ ਸਿੰਘ, ਸੂਬਾ ਸਿੰਘ ਵਾਈਸ ਪ੍ਰਧਾਨ, ਪ੍ਰਧਾਨ ਬਖਸ਼ੀਸ਼ ਸਿੰਘ,ਸਰਪੰਚ ਅਵਤਾਰ ਸਿੰਘ ਦਰੀਏਵਾਲ, ਸਰਪੰਚ ਲਖਵਿੰਦਰ ਸਿੰਘ ਸੈਦਪੁਰ, ਸੁਖਵਿੰਦਰ ਸਿੰਘ ਸਾਬਾ ਠੇਕੇਦਾਰ, ਗੁਰਮੀਤ ਸਿੰਘ, ਸ਼ਿੰਗਾਰ ਸਿੰਘ, ਨਿਰਮਲ ਸਿੰਘ,ਬਲਜੀਤ ਸਿੰਘ ਬੱਲੀ, ਅਨੋਖ ਸਿੰਘ, ਸੈਕਟਰੀ ਸੁਖਦੇਵ ਸਿੰਘ, ਰਵਿੰਦਰ ਰਵੀ ਪੀਏ ਆਦਿ ਸਮੇਤ ਨਗਰ ਨਿਵਾਸੀ ਹਾਜਰ ਸਨ।