ਡਡਵਿੰਡੀ ਵਿਖੇ 4 ਟਰਾਂਸਫਾਰਮਾਂ ’ਚੋਂ ਤੇਲ ਅਤੇ 5 ਮੋਟਰਾਂ ਦੇ ਸਟਾਰਟਰ ਤੇ ਤਾਰਾਂ ਚੋਰੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 10 ਜੂਨ 2021 - ਡਡਵਿੰਡੀ ਵਿਖੇ ਬੀਤੀ ਰਾਤ ਬਿਜਲੀ ਦੇ 4 ਟਰਾਂਸਫਾਰਮਾ ਵਿੱਚੋਂ ਤੇਲ ਅਤੇ 5 ਮੋਟਰਾਂ ਦੇ ਸਟਾਰਟਰ ਤੇ ਕੇਵਲ ਤਾਰਾਂ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਡਡਵਿੰਡੀ ਵਾਸੀ ਹਰਜਿੰਦਰ ਸਿੰਘ ਪੁੱਤਰ ਭਜਨ ਸਿੰਘ, ਸੋਹਣ ਸਿੰਘ, ਅਤੇ ਮੋਹਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਕੁਲਦੀਪ ਸਿੰਘ ਸਪਰੰਚ ਦੁਰਗਾਪੁਰ ਅਤੇ ਦੀਵਨਾਂ ਦੀ ਮੋਟਰ ’ਤੇ ਲੱਗੇ ਹੋਏ 65 ਹਾਸਪਾਵਰ ਦੇ 4 ਟਰਾਂਸਫਾਰਮਾਂ ਵਿੱਚੋਂ ਬੀਤੀ ਰਾਤ ਚੋਰਾਂ ਨੇ ਤੇਲ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਇੱਕ ਟਰਾਂਸਫਾਰਮਰ ਵਿੱਚ ਕਰੀਬ 165 ਲੀਟਰ ਤੇਲ ਪੈਂਦਾ ਹੈ ਅਤੇ ਚੋਰਾਂ ਵੱਲੋਂ ਹਰ ਟਰਾਂਸਫਾਰਮਰ ਵਿੱਚੋਂ ਕਰੀਬ 150 ਲੀਟਰ ਤੇਲ ਚੋਰੀ ਕੀਤਾ ਗਿਆ ਜਿਸ ਦੀ ਭਾਰੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਪੈ ਰਹੀ ਹੈ।
ਇਸੇ ਤਰ੍ਹਾਂ ਹੀ ਸੁੱਚਾ ਸਿੰਘ ਪੁੱਤਰ ਠਾਕਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਜਗਦੇਵ ਸਿੰਘ ਪੁੱਤਰ ਸਿੰਗਾਰਾ ਸਿੰਘ, ਸਰਬਣ ਸਿੰਘ ਪੁੱਤਰ ਦਲਜੀਤ ਸਿੰਘ, ਫੁੱਮਣ ਸਿੰਘ ਪੁੱਤਰ ਚੰਨਣ ਸਿੰਘ ਅਤੇ ਰੇਸ਼ਮ ਸਿੰਘ ਪੁੱਤਰ ਮੋਹਣ ਸਿੰਘ ਦੀਆਂ ਮੋਟਰਾਂ ਤੋਂ ਬੀਤੀ ਰਾਤ ਚੋਰਾਂ ਨੇ ਸਟਾਰਟਰ ਅਤੇ ਮੋਟਰਾਂ ਨੂੰ ਪਾਈਆਂ ਹੋਈਆਂ ਕੇਵਲ ਤਾਰਾਂ ਚੋਰੀ ਕਰ ਲਈਆਂ। ਕਿਸਾਨ ਸੁੱਚਾ ਸਿੰਘ ਨੇ ਦੱਸਿਆ ਕਿ ਉਹ ਕਰੀਬ 100 ਏਕੜ ਤੋਂ ਵੱਧ ਜਮੀਨ ਠੇਕੇ ਉੱਤੇ ਲੈ ਕੇ ਵਾਹੀ ਕਰਦੇ ਹਨ ਅਤੇ ਮੋਟਰਾਂ ਦੀਆਂ ਤਾਰਾਂ ਅਤੇ ਸਟਾਰਟ ਚੋਰੀ ਹੋ ਜਾਣ ਨਾਲ ਉਨ੍ਹਾਂ ਨੂੰ ਵਾਧੂ ਖਰਚੇ ਦਾ ਭਾਰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਟਰਾਂਸਫਾਰਮਰ, ਸਟਾਰਟਰ ਅਤੇ ਕੇਵਲ ਤਾਰਾਂ ਚੋਰੀ ਕਰਨ ਵਾਲਾ ਗਿਰੋਹ ਸਰਗਰਮੀ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਪਰ ਪੁਲਿਸ ਪ੍ਰਸਾਸ਼ਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਨੇ ਇਸ ਸਬੰਧੀ ਬਿਜਲੀ ਬੋਰਡ ਦੇ ਅਧਿਕਾਰੀਆਂ ਅਤੇ ਪੁਲਿਸ ਪ੍ਰਸਾਸ਼ਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ।