ਆਖ਼ਿਰ ਕਿਉਂ ਚੁੱਕਿਆ ਗਾਇਕ ਨਿਰਮਲ ਸਿੱਧੂ ਨੇ ਫਰੀਦਕੋਟ ਜੌੜੀਆਂ ਨਹਿਰਾਂ ਦਾ ਮੁੱਦਾ
ਕੀ ਸੁਣਾਏ ਲੋਕਾਂ ਦੇ ਹਾਲਾਤ? ਪੜ੍ਹੋ ਖ਼ਬਰ..
ਫਰੀਦਕੋਟ, 11 ਜੂਨ 2021-ਸ਼ਹਿਰ ਦੇ ਬਾਹਰਵਾਰ ਲੰਘਦੀਆਂ ਜੌੜੀਆਂ ਨਹਿਰਾਂ ’ਚ ਫ਼ਿਰ ਤੋਂ ਵਗ ਰਹੇ ਗੰਦਲੇ ਪਾਣੀ ਦਾ ਮੁੱਦਾ ਇਸ ਵਾਰ ਫ਼ਿਰ ਗੂੰਝ ਚੁੱਕਾ ਹੈ। ਭਾਵੇਂ ਇਸ ਤੋਂ ਪਹਿਲਾਂ ਵੀ ਵੱਖ-ਵੱਖ ਸਮਾਜਸੇਵੀ, ਧਾਰਮਿਕ ਤੇ ਸਿਆਸੀ ਆਗੂਆਂ ਵੱਲੋਂ ਗੰਦਲੇ ਦਰਿਆਈ ਪਾਣੀ ਦਾ ਮੁੱਦਾ ਉਠਾਇਆ ਜਾ ਚੁੱਕਾ ਹੈ, ਪਰ ਹੁਣ ਪੰਜਾਬੀ ਗਾਇਕ ਨਿਰਮਲ ਸਿੱਧੂ ਨੇ ਫ਼ਿਰ ਤੋਂ ਇਹ ਮਸਲਾ ਚੁੱਕ ਲਿਆ ਹੈ। ਆਪਣੇ ਫੇਸਬੁੱਕ ਖ਼ਾਤੇ ’ਤੇ ਲਾਇਵ ਹੁੰਦਿਆਂ ਗਾਇਕ ਨਿਰਮਲ ਸਿੱਧੂ ਨੇ ਅਜਿਹੀ ਦਾਸਤਾਨ ਸੁਣਾਈ, ਜਿਸਨੂੰ ਸੁਣਕੇ ਇੱਕ ਵਾਰ ਤਾਂ ਦਿਲ ਕੰਬ ਉਠਦਾ ਹੈ। ਇੰਨ੍ਹਾਂ ਨਹਿਰਾਂ ’ਚ ਜਿੱਥੇ ਪਿਛਲੇ ਕਈ ਦਿਨਾਂ ਤੋਂ ਪਾਣੀ ਕਾਲਾ ਵੇਖਿਆ ਜਾ ਰਿਹਾ ਹੈ, ਉਥੇ ਹੀ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਖ਼ਾਸਾ ਚੰਗਾ ਨਾ ਹੋਣ ਕਰਕੇ ਇੱਥੋਂ ਦੇ ਬਸ਼ਿੰਦਿਆਂ ਨੂੰ ਬਹੁਤ ਜ਼ਿਆਦਾ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲਾਇਵ ਵੀਡਿਓ ਦੌਰਾਨ ਨਿਰਮਲ ਸਿੱਧੂ ਦੇ ਦੱਸਣ ਅਨੁਸਾਰ ਫਰੀਦਕੋਟ ਜ਼ਿਲ੍ਹੇ ਅੰਦਰ ਪੈਂਦੇ ਦਰਜਨਾਂ ਪਿੰਡਾਂ ਦੇ ਲੋਕ ਹੁਣ ਪੀਣ ਵਾਲੇ ਸ਼ੁੱਧ ਪਾਣੀ ਤੋਂ ਵਾਂਝੇ ਹੁੰਦੇ ਜਾ ਰਹੇ ਹਨ। ਨਹਿਰਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਤੇ ਧਰਤੀ ਹੇਠਲਾ ਪਾਣੀ ਵੀ ਸ਼ੋਰ੍ਹੇ ਕਰਕੇ ਸਿਹਤ ਲਈ ਹਾਨੀਕਾਰਕ ਹੈ, ਜਿਸ ਕਰਕੇ ਲੋਕ ਨਹਿਰਾਂ ਕਿਨਾਰੇ ਲੱਗੇ ਨਲਕਿਆਂ ਦਾ ਪਾਣੀ ਇਸ ਸਮੇਂ ਪੀ ਰਹੇ ਹਨ। ਨਿਰਮਲ ਸਿੱਧੂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਸਿਹਤ ਵਿਭਾਗ ਵੱਲੋਂ ਇਸ ਪਾਣੀ ਨੂੰ ਵੀ ਅਸ਼ੁੱਧ ਕਰਾਰ ਦਿੱਤਾ ਗਿਆ ਹੈ। ਵੀਡਿਓ ਦੌਰਾਨ ਉਨ੍ਹਾਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਇਸ ਸਬੰਧੀ ਜਲਦੀ ਐਕਸ਼ਨ ਲੈਣ ਦੀ ਮੰਗ ਦੁਹਰਾਈ ਹੈ।
ਦਰਜਨਾਂ ਲੋਕਾਂ ਦਾ ਬਣਿਆ ਰੋਜ਼ਗਾਰ, ਰੇਹੜੀਆਂ ’ਤੇ ਘਰੋਂ ਘਰੀ ਪਹੁੰਚਦਾ ਹੈ ਪਾਣੀ
ਨਿਰਮਲ ਸਿੱਧੂ ਅਨੁਸਾਰ ਗੰਦਲੇ ਹੋਏ ਨਹਿਰੀ ਪਾਣੀ ਤੋਂ ਬਾਅਦ ਨਹਿਰਾਂ ਕੰਢੇ ਲੱਗੇ ਨਲਕਿਆਂ ਦਾ ਪਾਣੀ ਹੁਣ ਲੋਕਾਂ ਦੇ ਘਰਾਂ ਤੱਕ ਪੁੱਜਣ ਲੱਗਾ ਹੈ। ਭਾਵੇਂ ਇਹ ਪਾਣੀ ਵੀ ਪੂਰੀ ਤਰ੍ਹਾਂ ਪੀਣ ਲਾਇਕ ਨਹੀਂ, ਪਰ ਮਜ਼ਬੂਰੀ ਵੱਸ ਇਸੇ ਪਾਣੀ ਨੂੰ ਲੋਕ ਖ਼ਰੀਦਕੇ ਪੀ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਜ਼ਿਆਦਾਤਰ ਪਿੰਡਾਂ ਅੰਦਰ ਬਣੇ ਆਰਓ ਪਲਾਂਟ ਵੀ ਕਈ ਸਾਲਾਂ ਤੋਂ ਬੰਦ ਹੀ ਪਏ ਹਨ। ਜ਼ਿਲ੍ਹੇ ਦੇ ਪਿੰਡਾਂ ਅੰਦਰ ਹਾਲਾਤ ਇਸ ਕਦਰ ਦਰਦਨਾਕ ਹਨ ਕਿ ਅਜਿਹੇ ਪਾਣੀ ਦੀ ਖ਼ਾਤਰ ਵੀ ਮਾਰਾਮਾਰੀ ਚੱਲ ਰਹੀ ਹੈ। ਲੋਕ ਸਾਇਕਲਾਂ ਤੇ ਹੋਰ ਵਹੀਕਲਾਂ ’ਤੇ ਆਪਣੇ ਗੁਜ਼ਾਰੇ ਜੋਗਾ ਪਾਣੀ ਲਿਆਉਂਦੇ ਦਿਖਾਈ ਦਿੰਦੇ ਹਨ, ਜਦੋਂਕਿ ਕਈ ਪਿੰਡਾਂ ’ਚ ਘਰ ਸਪਲਾਈ ਪਾਣੀ ਕਰਕੇ ਕਈਆਂ ਦਾ ਰੁਜ਼ਗਾਰ ਵੀ ਬਣਿਆ ਹੈ। ਰੇਹੜੀਨੁਮਾ ਇੱਕ ਵਹੀਕਲ ’ਤੇ 500-1000 ਲੀਟਰ ਦੀ ਸਮਰੱਥਾ ਵਾਲੇ ਟੈਂਕਾਂ ’ਚ ਭਰਿਆ ਪਾਣੀ ਘਰ-ਘਰ ਪੁੱਜਣ ਲੱਗਾ ਹੈ।
ਰੇਹੜੀ ਚਾਲਕਾਂ ਨੇ ਦੱਸਿਆ ਕਿ ਉਹ ਕਰੀਬ 4 ਸਾਲਾਂ ਤੋਂ ਇਸ ਕੰਮ ’ਚ ਜੁਟੇ ਹੋਏ ਹਨ। ਕਰੀਬ 10 ਰੁਪਏ ਹਿਸਾਬ ਨਾਲ 50 ਲੀਟਰ ਪਾਣੀ ਉਹ ਲੋਕਾਂ ਨੂੰ ਵੇਚਦੇ ਹਨ, ਜਿਸ ਨਾਲ ਲੋਕਾਂ ਨੂੰ ਘਰ ਬੈਠੇ ਪਾਣੀ ਮਿਲ ਜਾਂਦਾ ਹੈ ਤੇ ਉਨ੍ਹਾਂ ਦਾ ਰੁਜ਼ਗਾਰ ਵੀ ਚੱਲਦਾ ਰਹਿੰਦਾ ਹੈ। ਜ਼ਮੀਨੀ ਪੱਧਰ ’ਤੇ ਇਹ ਹਾਲਾਤ ਇਸ ਸਮੇਂ ਖੇਤਰ ਅੰਦਰ ਬਣੇ ਹੋਏ ਹਨ, ਪਰ ਹੈਰਾਨੀ ਦੀ ਗੱਲ ਇਹ ਕਿ ਦਿਨੋ ਦਿਨ ਪਲੀਤ ਹੋ ਰਹੇ ਪਾਣੀ ਦੀ ਸਾਰ ਸਮੇਂ ਦੀਆਂ ਸਰਕਾਰਾਂ ਲੈ ਨਹੀਂ ਰਹੀਆਂ।
‘ਆਪ’ ਵਿਧਾਇਕ ਕੁਲਤਾਰ ਸੰਧਵਾਂ ਨੇ ਵੀ ਮਾਰਿਆ ਸੀ ਹੰਭਲਾ
ਪਿਛਲੇ ਦਿਨੀਂ ਉਕਤ ਨਹਿਰਾਂ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾਂ ਨੇ ਵੀ ਲਾਈਵ ਹੋ ਕੇ ਗੰਦਲੇ ਪਾਣੀ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਸੀ। ਪੰਜਾਬ ਨਰੋਆ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਹੇਠ ਫੋਰਮ ਦੇ ਮੈਂਬਰਾਂ ਨੇ ਵਿਧਾਇਕ ਕੁਲਤਾਰ ਸੰਧਵਾਂ ਦੇ ਨਾਲ ਹਰੀਕੇ ਹੈਡ ਅਤੇ ਫਰੀਦਕੋਟ ਵਿੱਚ ਵੱਖ-ਵੱਖ ਥਾਵਾਂ ’ਤੇ ਨਦੀ ਅਤੇ ਨਹਿਰ ਦੇ ਪਾਣੀ ਦਾ ਨਿਰੀਖਣ ਕੀਤਾ ਤੇ ਪਾਣੀ ਦੇ ਨਮੂਨੇ ਭਰੇ ਗਏ, ਇਹ ਨਮੂਨੇ ਜਾਂਚ ਲਈ ਭੇਜੇ ਜਾ ਰਹੇ ਹਨ। ਚੰਦਬਾਜਾ ਨੇ ਕਿਹਾ ਕਿ ਕੱੁਝ ਸਾਲ ਪਹਿਲਾਂ ਤੱਕ ਇਹ ਪਾਣੀ ਮਨੁੱਖਾਂ ਨੂੰ ਸਿਰਫ ਗੰਭੀਰ ਬਿਮਾਰੀਆਂ ਨਾਲ ਜੂਝ ਰਿਹਾ ਸੀ, ਪਰ ਹੁਣ ਇਹ ਜਾਨਵਰਾਂ ਅਤੇ ਪੰਛੀਆਂ ਨੂੰ ਵੀ ਕੈਂਸਰ ਵਰਗੀ ਮਹਾਂਮਾਰੀ ਦੀ ਚਪੇਟ ’ਚ ਲਿਆ ਰਿਹਾ ਹੈ, ਜਿਸ ਦਾ ਖੁਲਾਸਾ ਪਿਛਲੇ ਸਾਲ ਆਰ.ਟੀ.ਆਈ ਤੋਂ ਪ੍ਰਾਪਤ ਜਾਣਕਾਰੀ ਤੋਂ ਹੁੰਦਾ ਹੈ।
ਨਹਿਰ ਦੌਰੇ ਦੌਰਾਨ ਆਪ ਆਗੂਆਂ ਗੰਦਲੇ ਹੋ ਰਹੇ ਨਹਿਰੀ ਪਾਣੀ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਪਲੀਤ ਹੋ ਰਹੇ ਪਾਣੀ ਨੂੰ ਬਚਾਉਣ ਦੀ ਗੁਹਾਰ ਲਗਾਈ ਸੀ। ਆਪ ਵਿਧਾਇਕ ਕੁਲਤਾਰ ਸੰਧਵਾਂ ਨੇ ਸਾਫ਼ ਸ਼ਬਦਾਂ ’ਚ ਕਿਹਾ ਸੀ ਕਿ ਬਾਹਰੀ ਮੁਲਕਾਂ ਦੇ ਮੁਕਾਬਲੇ ਭਾਰਤ ਦੇਸ਼ ਅੰਦਰ ਨਹਿਰੀ ਪਾਣੀ ਦੇ ਗੰਦਲੇਪਣ ਦਾ ਵੱਡਾ ਕਾਰਨ ਫੈਕਟਰੀਆਂ ਦੀ ਵੇਸਟੇਜ਼ ਸੁੱਟਣਾ ਹੈ, ਜੋ ਆਏ ਦਿਨ ਸਾਹਮਣੇ ਆਉਂਦਾ ਰਹਿੰਦਾ ਹੈ, ਪਰ ਸਰਕਾਰ ਤੇ ਪ੍ਰਸ਼ਾਸਨ ਅੱਖਾਂ ਮੀਟ ਕੇ ਬੈਠਾ ਰਹਿੰਦਾ ਹੈ। ਆਪ ਵਿਧਾਇਕ ਸੰਧਵਾਂ ਨੇ ਗੰਦਲੇ ਹੋ ਰਹੇ ਦਰਿਆਈ ਪਾਣੀ ’ਤੇ ਚਿੰਤਾ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਦੀ ਗੱਲ ਆਖ਼ੀ ਸੀ।