ਮੁਕਤਸਰ ’ਚ ਵਧਿਆ ‘ਆਪ-ਨਗਰ ਕੌਂਸਲ’ ਵਿਵਾਦ, ਹੁਣ ਈ.ਓ ਨੇ ਕਰਾਇਆ ਪਰਚਾ
ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 12 ਜੂਨ 2021-ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਕਿ੍ਰਸ਼ਨ ਕੁਮਾਰ ਸ਼ੰਮੀ ਤੇਰੀਆ ਦੀ ਸ਼ਿਕਾਇਤ ਮਗਰੋਂ ਹੁਣ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨੇ ਵੀ ‘ਆਪ’ ਆਗੂਆਂ ਖ਼ਿਲਾਫ਼ ਥਾਣਾ ਸਿਟੀ ਵਿਖੇ ਸ਼ਿਕਾਇਤ ਦਰਜ ਕਰਾ ਦਿੱਤੀ ਹੈੇ। ‘ਆਪ’ ਆਗੂਆਂ ’ਤੇ ਹੁਣ ਨਗਰ ਕੌਂਸਲ ਦੇ ਵਿਹੜੇ ’ਚ ਕੂੜੇ ਦਾ ਢੇਰ ਲਾਉਣ ਤੇ ਸਰਕਾਰੀ ਕੰਮ ’ਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੂਸਾਰ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਜਗਦੀਪ ਸੰਧੂ, ਕੌਂਸਲਰ ਹਰਦੀਪ ਸਿੰਘ, ਭਿੰਦਾ ਸਮੇਤ ਕਈ ਲੋਕ ਨਗਰ ਕੌਂਸਲ ਦਫਤਰ ਦੇ ਵਿਹੜੇ ਤੇ ਪ੍ਰਧਾਨ ਦੇ ਘਰ ਮੂਹਰੇ ਕੂੜੇ ਦਾ ਢੇਰ ਲਾ ਕੇ ਚੱਲਦੇ ਬਣੇ ਸਨ, ਜਿਸ ਮਗਰੋਂ ਪ੍ਰਧਾਨ ਦੇ ਬਿਆਨ ’ਤੇ ਜਗਦੀਪ ਸੰਧੂ, ਹਰਦੀਪ ਸਿੰਘ, ਭਿੰਦਾ ਤੋਂ ਇਲਾਵਾ 15-20 ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਿਟੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਈ.ਓ ਦੀ ਸ਼ਿਕਾਇਤ ’ਤੇ ਫਿਰ ਤੋਂ ਇੰਨ੍ਹਾਂ ਆਗੂਆਂ ਖਿਲਾਫ ਨਗਰ ਕੌਂਸਲ ਦੇ ਵਿਹੜੇ ਗੰਦ ਫੈਲਾਉਣ, ਸਰਕਾਰੀ ਕੰਮ ’ਚ ਵਿਘਨ ਪਾਉਣ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।