← ਪਿਛੇ ਪਰਤੋ
ਦੀਪਕ ਜੈਨ
ਜਗਰਾਉਂ 14 ਜੂਨ 2021: ਪਿੰਡ ਰਸੂਲਪੁਰ ਜੰਡੀ ਵਿਖੇ ਮਾਂ ਤੇ ਦੋ ਪੁੱਤਾਂ ਵੱਲੋਂ ਇਕ ਵਿਅਕਤੀ ਨੂੰ ਖੰਜਰ ਮਾਰ ਕੇ ਗੰਭੀਰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਵਿੱਚ ਜ਼ਖ਼ਮੀ ਹੋਏ ਬਲਜੀਤ ਸਿੰਘ ਪੁੱਤਰ ਲੇਖ ਰਾਜ ਵਾਸੀ ਰਸੂਲਪੁਰ ਨੇ ਪੁਲੀਸ ਨੂੰ ਆਪਣਾ ਬਿਆਨ ਦਰਜ ਕਰਵਾ ਕੇ ਦੱਸਿਆ ਕਿ ਉਹ ਆਪਣੀ ਗਲੀ ਵਿਚ ਖੜਾ ਸੀ ਤਾਂ ਪਿੰਡ ਦੀ ਹੀ ਬਲਵੀਰ ਕੌਰ ਪੁੱਤਰੀ ਸੁਰਜੀਤ ਸਿੰਘ ਮੈਨੂੰ ਖੜ੍ਹਾ ਦੇਖ ਕੇ ਗਾਲ੍ਹਾਂ ਕੱਢਣ ਲੱਗ ਪਈ ਤੇ ਆਪਣੇ ਹੱਥ ਵਿੱਚ ਫੜੀ ਦਾਤੀ ਦਾ ਵਾਰ ਮੇਰੇ 'ਤੇ ਕੀਤਾ ਅਤੇ ਉਚੀ ਉਚੀ ਰੌਲਾ ਪਾ ਕੇ ਆਪਣੇ ਦੋਹਾਂ ਲੜਕਿਆਂ ਨੂੰ ਬੁਲਾ ਲਿਆ। ਇਸ 'ਤੇ ਵੱਡੇ ਮੁੰਡੇ ਸੁਖਬੀਰ ਸਿੰਘ ਉਰਫ ਮੋਰ ਨੇ ਆਉਂਦਿਆਂ ਸਾਰ ਮੇਰੇ ਰੋੜਾ ਮਾਰਿਆ ਜੋ ਮੇਰੀ ਧੌਣ ਤੇ ਲੱਗਾ ਤੇ ਇਸ ਦੇ ਛੋਟੇ ਮੁੰਡੇ ਦਲਵੀਰ ਸਿੰਘ ਉਰਫ ਬਾਜ਼ ਨੇ ਆਪਣੇ ਹੱਥ ਵਿੱਚ ਫੜਿਆ ਖੰਜਰ ਮੇਰੀ ਛਾਤੀ ਵਿੱਚ ਮਾਰਿਆ ਜਿਸ ਨਾਲ ਮੈਂ ਗੰਭੀਰ ਜ਼ਖ਼ਮੀ ਹੋ ਗਿਆ। ਮੁਦਈ ਅਨੁਸਾਰ ਬਾਅਦ ਵਿਚ ਇਹ ਤਿੰਨੋਂ ਮੈਨੂੰ ਧਮਕੀਆਂ ਦਿੰਦੇ ਉੱਥੋਂ ਫ਼ਰਾਰ ਹੋ ਗਏ। ਪੁਲੀਸ ਨੇ ਜ਼ਖ਼ਮੀ ਬਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਹਮਲਾਵਰ ਮਾਂ ਦੇ ਦੋਨਾਂ ਪੁੱਤਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 323 , 324 , 506 , 34 ਤਹਿਤ ਮਾਮਲਾ ਦਰਜ ਕਰ ਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
Total Responses : 942