ਲਿਫਾਫੇ ਕਾਰਨ ਹੋਈ ਹੱਥੋਂ ਪਾਈ ਕਾਰਨ ਗਈ ਵਿਆਕਤੀ ਦੀ ਜਾਨ, ਲਿਫਾਫੇ ਵਿਚਲੇ ਸਮਾਨ ਦਾ ਭੇਦ ਬਰਕਰਾਰ।
ਸੁਖਮੰਦਰ ਹਿੰਮਤਪੁਰੀ
ਮੋਗਾ, 14 ਜੂਨ 2021: ਪੰਜਾਬ ’ਚ ਆਏ ਦਿਨ ਕਤਲ ਅਤੇ ਚੋਰੀ ਦੀਆਂ ਜਿਹੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਹਾਲਾਂ ਕਿ ਇੱਕ ਮਸਲਾ ਠੰਢਾ ਨਹੀਂ ਪੈਂਦਾ ਕਿ ਦੂਸਰਾ ਕੋਈ ਨਾ ਕੋਈ ਹੋਰ ਮਸਲਾ ਸਾਹਮਣੇ ਆ ਜਾਂਦਾ ਹੈ ਪਿਛਲੇ ਦੋ ਚਾਰ ਮਹੀਨੇ ਪਹਿਲਾਂ ਵੀ ਹਲਕਾ ਬਾਘਾਪੁਰਾਣਾ ਦੇ ਸਰਪੰਚ ਦੇ ਮੁੰਡੇ ਨੇ ਦੋ ਲੜਕੀਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ । ਅੱਜ ਵੀ ਦਿਨ ਦਿਹਾੜੇ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪਿੰਡ ਰਾਜੇਆਣਾ ਦਾ। ਇੱਥੇ ਪਿੰਡ ਰੋਡੇ ਵਿਚਕਾਰ ਖੇਤਾਂ ’ਚ ਜਿਥੇ ਮਜ਼ਦੂਰ ਝੋਨਾ ਲਗਾ ਰਹੇ ਸਨ ਤਾਂ 2 ਨੌਜਵਾਨ ਮੋਟਰਸਾਈਕਲ ਸਵਾਰ ਆਏ ਤਾਂ ਮਜ਼ਦੂਰਾਂ ਦਾ ਸਮਾਨ ਵਾਲਾ ਲਿਫਾਫਾ ਚੁੱਕ ਕੇ ਫਰਾਰ ਹੋ ਗਏ। ਜਦੋਂ ਕੇਵਲ ਸਿੰਘ ਨੂੰ ਪਤਾ ਲੱਗਿਆ ਤਾਂ ਕੇਵਲ ਸਿੰਘ ਨੇ ਪਿੱਛਾ ਕਰਦਿਆਂ ਨੌਜਵਾਨਾਂ ਨੂੰ ਘੇਰ ਲਿਆ, ਜਿਸ ਦੌਰਾਨ ਉਨ੍ਹਾਂ ਦੀ ਉਥੇ ਹੱਥੋਪਾਈ ਹੋ ਗਈ। ਹੱਥੋਪਾਈ ਦੌਰਾਨ ਉਕਤ ਅਣਪਛਾਤੇ ਨੌਜਵਾਨਾਂ ਨੇ ਕੇਵਲ ਸਿੰਘ ਦੇ ਸਿਰ ’ਚ ਗੋਲੀ ਮਾਰ ਦਿੱਤੀ ਅਤੇ ਉਹ ਮੌਕੇ ’ਤੇ ਹੀ ਮਰ ਗਿਆ। ਉੱਥੇ ਮੌਜੂਦ ਲੋਕਾਂ ਵਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਪੁਲਸ ਪਾਰਟੀ ਸਮੇਤ ਮੋਗਾ ਤੋਂ ਡੀ. ਐੱਸ. ਪੀ ਜਸਬਿੰਦਰ ਸਿੰਘ ਖਹਿਰਾ, ਐੱਸ. ਪੀ . ਜਗਤਪ੍ਰੀਤ ਸਿੰਘ ਪੁਲਸ ਪਾਰਟੀ ਨਾਲ ਪੁੱਜੇ।
ਮੀਡੀਆ ਨੂੰ ਜਾਣਕਾਰੀ ਦਿੰਦਿਆ ਡੀ. ਐੱਸ. ਪੀ ਜਸਬਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਪੁਲਸ ਜਾਂਚ ਕਰ ਰਹੀ ਹੈ ਅਤੇ ਬਿਆਨਾਂ ਦੇ ਆਧਾਰ ’ਤੇ ਪਰਚਾ ਦਰਜ ਕਰ ਲਿਆ ਜਾਵੇਗਾ। ਇਥੇ ਤੁਹਾਨੂੰ ਦੱਸ ਦਈਏ ਕਿ ਕੇਵਲ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਦੋ ਬੱਚੇ ਹਨ। ਉਹ ਵੈਲਡਿੰਗ ਅਤੇ ਖੇਤੀਬਾੜੀ ਦਾ ਕੰਮ ਕਰਦਾ ਸੀ।