ਜਗਰਾਉਂ: ਟ੍ਰੈਫਿਕ ਸਮੱਸਿਆ ਦੇ ਹੱਲ ਲਈ ਕੌਂਸਲ ਪ੍ਰਧਾਨ ਅਤੇ ਡੀ ਐਸ ਪੀ ਵਲੋਂ ਦੁਕਾਨਦਾਰਾਂ ਨਾਲ ਮੀਟਿੰਗ
ਦੀਪਕ ਜੈਨ
ਜਗਰਾਉਂ, 16 ਜੂਨ 2021 - ਟਰੈਫਿਕ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਜਗਰਾਉਂ ਵਿਖੇ ਪ੍ਰਧਾਨ ਜਤਿੰਦਰ ਪਾਲ ਰਾਣਾ ਅਤੇ ਡੀ ਐਸ ਪੀ ਟ੍ਰੈਫਿਕ ਵੱਲੋਂ ਸਮੂਹ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਦੁਕਾਨਦਾਰਾਂ ਵਲੋ ਨਗਰ ਕੌਂਸਲ ਨੂੰ ਵੱਖ- ਵੱਖ ਬਾਜ਼ਾਰਾਂ ਵਿਚ ਪਾਰਕਿੰਗ ਬਣਾਉਣ ਦੇ ਲਈ ਵਿਚਾਰ ਦਿੱਤੇ ਗਏ। ਕੁਝ ਦੁਕਾਨਦਾਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਨ੍ਹਾਂ ਦੇ ਵਿਚ ਕਈ ਦੁਕਾਨਦਾਰਾਂ ਵੱਲੋਂ ਆਪਣਾ ਸਾਮਾਨ ਸੜਕਾਂ ਉੱਤੇ ਲਗਾਇਆ ਜਾਂਦਾ ਹੈ ਜਿਸ ਦੇ ਨਾਲ ਟਰੈਫਿਕ ਸਮੱਸਿਆ ਪੈਦਾ ਹੋ ਰਹੀ ਹੈ।
ਮੀਟਿੰਗ ਦੌਰਾਨ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਰਾਣਾ ਅਤੇ ਡੀਐੱਸਪੀ ਟ੍ਰੈਫਿਕ ਵਲੋਂ ਦੁਕਾਨਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਵੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਡੀਐਸਪੀ ਭਨੋਟ ਨੇ ਕਿਹਾ ਕਿ ਇਸ ਟਰੈਫਿਕ ਸਮੱਸਿਆ ਦਾ ਹੱਲ ਕਰਨ ਦੇ ਲਈ ਬਾਜ਼ਾਰਾਂ ਦੇ ਵਿੱਚ ਪੂਰਨ ਤੌਰ ਤੇ ਟਰੈਫਿਕ ਲਾਅ ਐਂਡ ਆਰਡਰ ਲਾਗੂ ਕੀਤਾ ਜਾਵੇਗਾ । ਮੀਟਿੰਗ ਵਿੱਚ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਗਿਆ ਕਿ ਜਿਹੜੇ ਜਿਹੜੇ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਬਾਹਰ ਮੋਟਰ ਸਾਈਕਲ ਅਤੇ ਸਕੂਟਰ ਗਲਤ ਪਾਰਕਿੰਗ ਕਰ ਖੜੇ ਕੀਤੇ ਜਾਂਦੇ ਹਨ ਅਤੇ ਨਜਾਇਜ਼ ਤੌਰ ਤੇ ਬਾਜ਼ਾਰ ਵਿੱਚ ਗ਼ਲਤ ਪਾਰਕਿੰਗ ਵਾਹਨ ਖੜ੍ਹੇ ਕੀਤੇ ਜਾਂਦੇ ਹਨ ਦੁਕਾਨਦਾਰਾਂ ਵੱਲੋਂ ਉਹਨਾਂ ਦੀ ਖੁਦ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇ ।
ਪੁਰਾਣੀ ਦਾਣਾ ਮੰਡੀ ਨੂੰ ਪਾਰਕਿੰਗ ਵਜੋਂ ਵਰਤਣ ਲਈ ਚੁਣਿਆ ਗਿਆ ਅਤੇ ਕਿਹਾ ਕਿ ਜਿਹੜੇ ਜਿਹੜੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਨਜਾਇਜ਼ ਤੌਰ 'ਤੇ ਵਧਾ ਕੇ ਸਮਾਂ ਲਗਾਇਆ ਜਾਂਦਾ ਹੈ ਉਸ ਨੂੰ ਆਪਣੀਆਂ ਦੁਕਾਨਾਂ ਦੇ ਹੱਦ ਦੇ ਅੰਦਰ ਹੀ ਲਗਾਇਆ ਜਾਵੇ। ਨਗਰ ਕੌਂਸਲ ਜਗਰਾਉਂ ਅਤੇ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸਮੂਹ ਜਗਰਾਉਂ ਦੇ ਦੁਕਾਨਦਾਰਾਂ ਨੂੰ ਐਂਤਵਾਰ ਮਿਤੀ 20.6.2021 ਤੱਕ ਦਾ ਸਮਾਂ ਦਿੱਤਾ ਕਿ ਜੇਕਰ ਇਸ ਸਮੇਂ ਦੌਰਾਨ ਦੁਕਾਨਦਾਰਾਂ ਵੱਲੋਂ ਗੌਰ ਨਾ ਕੀਤਾ ਗਿਆ ਤਾਂ ਸੋਮਵਾਰ ਵਾਲੇ ਦਿਨ ਮਿਤੀ 21.6.2021 ਤੋਂ ਨਗਰ ਕੌਂਸਲ ਜਗਰਾਉਂ ਅਤੇ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਤਹਿਤ ਹਰ ਰੋਜ਼ ਨਜਾਇਜ਼ ਤੌਰ ਤੇ ਦੁਕਾਨਦਾਰਾ ਵੱਲੋਂ ਲਗਾਏ ਗਏ ਸਮਾਨ ਨੂੰ ਜ਼ਬਤ ਕੀਤਾ ਜਾਵੇਗਾ ਅਤੇ ਨਗਰ ਕੌਂਸਲ ਵੱਲੋਂ ਤਹਿਬਾਜ਼ਾਰੀ ਕਨੂੰਨ ਤਹਿਤ ਜੁਰਮਾਨਾ ਅਤੇ ਕਾਰਵਾਈ ਕੀਤੀ ਜਾਵੇਗੀ ।