ਕੈਨੇਡਾ: ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਚੋਣ ਗਠਜੋੜ ਦਾ ਭਰਵਾਂ ਸਵਾਗਤ
ਹਰਦਮ ਮਾਨ
ਸਰੀ, 19 ਜੂਨ 2021- ਅਕਾਲੀ ਦਲ ਨਾਲ ਜੁੜੇ ਪਰਵਾਸੀਆਂ ਨੇ ਪੰਜਾਬ ਵਿਧਾਨ ਸਭਾ ਦੀਆਂ ਫਰਵਰੀ 2022 ਵਿਚ ਹੋਣ ਵਾਲੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਹੋਏ ਚੋਣ ਗਠਜੋੜ ਦਾ ਭਰਵਾਂ ਸਵਾਗਤ ਕੀਤਾ ਹੈ। ਸ੍ਰੋਮਣੀ ਅਕਾਲੀ ਦਲ ਐਨ.ਆਰ.ਆਈ. ਵਿੰਗ ਬੀ.ਸੀ. ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਖੱਖ ਨੇ ਇਕ ਬਿਆਨ ਰਾਹੀਂ ਅਕਾਲੀ-ਬਸਪਾ ਚੋਣ ਗਠਜੋੜ ਦਾ ਸਵਾਗਤ ਕਰਦਿਆਂ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਅਤੇ ਵਰਕਰਾਂ ਨੂੰ ਵਧਾਈ ਦਿੱਤੀ ਹੈ। ਆਪਣੇ ਬਿਆਨ ਵਿਚ ਉਨ੍ਹਾਂ ਇਸ ਚੋਣ ਸਮਝੌਤੇ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਜਿੱਥੇ ਪੰਜਾਬ ਵਿਚ ਗਠਜੋੜ ਦੁਆਰਾ ਨਵੀ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਬਣੀਆਂ ਹਨ ਉਥੇ ਪਿੰਡਾਂ ਵਿਚ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤੀ ਮਿਲੇਗੀ।
ਇਸੇ ਦੌਰਾਨ ਉਨ੍ਹਾਂ ਕਾਂਗਰਸੀ ਐਮ.ਪੀ. ਰਵਨੀਤ ਸਿੰਘ ਬਿੱਟੂ ਵੱਲੋਂ ਪਵਿੱਤਰ ਨਗਰੀ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀਆਂ ਸੀਟਾਂ ਬਸਪਾ ਨੂੰ ਛੱਡੇ ਜਾਣ ਉਪਰ ਕੀਤੀ ਗਈ ਜਾਤੀਸੂਚਕ ਟਿਪਣੀ ਦੀ ਵੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨੇ ਅਜਿਹੀ ਟਿਪਣੀ ਕਰਕੇ ਕੇਵਲ ਦਲਿਤ ਭਰਾਵਾਂ ਹੀ ਨਹੀਂ ਸਗੋ ਸਿੱਖ ਧਰਮ ਦਾ ਵੀ ਅਪਮਾਨ ਕੀਤਾ ਹੈ। ਉਨ੍ਹਾਂ ਬਿੱਟੂ ਖਿਲਾਫ ਸਖਤੀ ਕਾਨੂੰਨੀ ਕਾਰਵਾਈ ਦੀ ਵੀ ਮੰਗ ਕੀਤੀ ਹੈ|
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com