ਅਮਰੀਕਾ: ਦੱਖਣੀ ਸਰਹੱਦ ਨੇੜੇ 24 ਘੰਟਿਆਂ ਦੌਰਾਨ ਮਿਲੀਆਂ ਦੋ ਪ੍ਰਵਾਸੀਆਂ ਦੀਆਂ ਲਾਸ਼ਾਂ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 19 ਜੂਨ 2021 - ਅਮਰੀਕਾ ਵਿੱਚ ਦੱਖਣੀ ਸਰਹੱਦ ਨੇੜੇ ਨਿਊ ਮੈਕਸੀਕੋ ਵਿੱਚ 24 ਘੰਟਿਆਂ ਅੰਦਰ ਦੋ ਮ੍ਰਿਤਕ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਸਬੰਧੀ ਬਾਰਡਰ ਰਿਪੋਰਟ ਅਨੁਸਾਰ ਬੁੱਧਵਾਰ ਦੇਰ ਰਾਤ ਬਾਰਡਰ ਪੈਟਰੋਲਿੰਗ ਏਜੰਟਾਂ ਨੂੰ ਸਨਲੈਂਡ ਪਾਰਕ, ਐੱਨ.ਐੱਮ ਦੇ ਮਾਉੰਟ ਕਰਿਸਟੋ ਵਿੱਚ ਇੱਕ 35 ਸਾਲਾ ਮੈਕਸੀਕਨ ਔਰਤ ਦੀ ਲਾਸ਼ ਮਿਲੀ , ਜਿਸਦੀ ਮੌਤ ਦਾ ਕਾਰਨ ਅਧਿਕਾਰੀਆਂ ਵੱਲੋਂ ਅਜੇ ਨਿਰਧਾਰਤ ਨਹੀਂ ਕੀਤਾ ਗਿਆ ਹੈ। ਸਨਲੈਂਡ ਪਾਰਕ ਪੁਲਿਸ ਵੱਲੋਂ ਇਸ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਇੱਕ ਪ੍ਰਵਾਸੀ ਔਰਤ ਨੂੰ ਬਚਾਇਆ ਗਿਆ ਸੀ ਜੋ ਕਿ ਕਰਿਸਟੋ ਰੇਅ ਪਰਬਤ 'ਤੇ ਜ਼ਖਮੀ ਹੋ ਗਈ ਸੀ। ਇਸਦੇ ਇਲਾਵਾ ਅਧਿਕਾਰੀਆਂ ਅਨੁਸਾਰ ਵੀਰਵਾਰ ਨੂੰ ਬਾਰਡਰ ਏਜੰਟਾਂ ਨੇ ਇੱਕ ਐਲੀਮੈਂਟਰੀ ਸਕੂਲ ਨੇੜੇ ਇੱਕ ਦੂਰ ਦੁਰਾਡੇ ਦੇ ਰੇਗਿਸਤਾਨ ਵਿੱਚ ਵੀ ਇੱਕ ਮ੍ਰਿਤਕ ਪ੍ਰਵਾਸੀ ਦੀ ਲਾਸ਼ ਬਰਾਮਦ ਕੀਤੀ ਸੀ।
ਸਨਲੈਂਡ ਪਾਰਕ ਦੇ ਅੱਗ ਬੁਝਾਉਣ ਵਾਲੇ ਅਧਿਕਾਰੀ ਵੀ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਦੇ ਲੋਕਾਂ ਦੇ ਬਚਾਅ ਅਤੇ ਸਰੀਰ ਦੀ ਰਿਕਵਰੀ ਦੀਆਂ ਕੋਸ਼ਿਸ਼ਾਂ ਵਿੱਚ ਸ਼ਾਮਲ ਹੋਏ ਹਨ।ਪਿਛਲੇ ਹਫਤੇ ਵੀ ਦੋ ਇਕੂਏਡੋਰੀਆ ਦੀਆਂ ਔਰਤਾਂ ਨੂੰ ਰੇਗਿਸਤਾਨ ਵਿੱਚੋਂ ਬਚਾਇਆ ਗਿਆ ਸੀ। ਸਰਹੱਦੀ ਖੇਤਰ ਵਿੱਚ ਗਰਮੀ ਦੇ ਤੇਜ਼ ਹੋਣ ਨਾਲ ਅਮਰੀਕਾ ਵਿੱਚ ਦਾਖਲ ਹੋ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਲਈ ਖਤਰਾ ਪੈਦਾ ਹੁੰਦਾ ਹੈ। ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਵਿੱਚ ਕਈ ਆਪਣੀ ਜਾਨ ਗਵਾ ਬੈਠਦੇ ਹਨ।