ਮਿਲਖਾ ਸਿੰਘ ਦਾ ਤੁਰ ਜਾਣਾ ‘ਪੰਜਾਬ ਅਤੇ ਖੇਡ ਜਗਤ ਲਈ ਵੱਡਾ ਘਾਟਾ - ਮੰਗਤ ਰਾਏ ਬਾਂਸਲ
ਸੰਜੀਵ ਜਿੰਦਲ
ਮਾਨਸਾ, 19 ਜੂਨ 2021 - ਉੱਡਣਾ ਸਿੱਖ ਮਿਲਖਾ ਸਿੰਘ ਦੀ ਬੀਤੀ ਰਾਤ ਕਰੋਨਾ ਕਾਰਨ ਹੋਈ ਮੌਤ ‘ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿਲਖਾ ਸਿੰਘ ਦਾ ਤੁਰ ਜਾਣਾ ਖੇਡ ਜਗਤ ਅਤੇ ਪੰਜਾਬੀਅਤ ਲਈ ਨਾ ਪੂਰਾ ਹੋਣ ਵਾਲਾ ਬਹੁਤ ਵੱਡਾ ਘਾਟਾ ਹੈ। ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸਨ। ਉਨ੍ਹਾਂ ਇਹ ਸਾਬਤ ਕਰਕੇ ਦਿਖਾਇਆ ਕਿ ਮਿਹਨਤ ਅਤੇ ਲਗਨ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਜੀਵਨ ਤੇ ਬਣੀ ਫ਼ਿਲਮ ” ਭਾਗ ਮਿਲਖਾ ਭਾਗ ” ਮੈਂ ਸਮਝਦਾ ਹਾਂ ਕਿ ਕਈ ਅਣਕਹੀਆਂ ਅਤੇ ਅਣਸੁਣੀਆਂ ਗੱਲਾਂ ਨੂੰ ਦਰਸਾਉਂਦੀ ਹੈ, ਜਿਨ੍ਹਾਂ ਨੂੰ ਸੁਣ ਕੇ ਦੇਸ਼/ ਦੁਨੀਆਂ ਦੇ ਹਰ ਇਕ ਵਿਅਕਤੀ ਨੂੰ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੀ ਜੀਵਨਸ਼ੈਲੀ ਉੱਪਰ ਮਾਣ ਹੋਇਆ ਹੈ। ਉਨ੍ਹਾਂ ਜਿੱਥੇ ਦੇਸ਼ ਲਈ ਖੇਡਾਂ ਵਿੱਚ ਨਾਮ ਅਤੇ ਤਗ਼ਮੇ ਹਾਸਲ ਕੀਤੇ, ਉੱਥੇ ਖੇਡ ਪ੍ਰੇਮੀਆਂ ਲਈ ਵੀ ਆਪਣੀ ਬਣਦੀ ਭੂਮਿਕਾ ਨਿਭਾਈ। ਟਰਾਈਸਿਟੀ ਵਿੱਚ ਉਨ੍ਹਾਂ ਨੂੰ ਆਮ ਦੇਖਿਆ ਜਾ ਸਕਦਾ ਜਾਂਦਾ ਸੀ, ਜਿਸ ਨਾਲ ਨੌਜਵਾਨਾਂ ਨੂੰ ਬੜਾ ਉਤਸ਼ਾਹ ਅਤੇ ਹੌਸਲਾ ਮਿਲਦਾ ਹੁੰਦਾ ਸੀ। ਭਾਵੇਂ ਕਿ ਉਹ ਇਸ ਕੋਰੋਨਾ ਦੀ ਜੰਗ ਵਿੱਚ ਹਾਰ ਗਏ, ਪਰ ਆਪਣੇ ਜੀਵਨ ਦੀਆਂ ਪ੍ਰਾਪਤੀਆਂ ਨਾਲ ਲੱਖਾਂ ਕਰੋੜਾਂ ਲੋਕਾਂ ਦੇ ਦਿਲ ਜਿੱਤ ਕੇ ਹਮੇਸ਼ਾਂ ਅਮਰ ਰਹਿਣਗੇ ।