ਅਸ਼ੋਕ ਵਰਮਾ
ਬਠਿੰਡਾ, 28 ਜੂਨ 2021: ਪੰਜਾਬ ਵਿਚ ਪੀਆਰਟੀਸੀ, ਪੰਜਾਬ ਰੋਡਵੇਜ ਅਤ ਪਨਬੱਸ ਦੇ ਕੰਟਰੈਕਟ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਦੇ ਲੜੀਅਲ ਵਤੀਰੇ ਨੂੰ ਲੈਕੇ ਅੱਜ ਦੋ ਘੰਟੇ ਲਈ ਬਠਿੰਡਾ ਦਾ ਬੱਸ ਅੱਡਾ ਠੱਪ ਰੱਖਿਆ ਜਿਸੇ ਦੇ ਸਿੱਟੇ ਵਜੋਂ ਮੁਸਾਫਰਾਂ ਨੂੰ ਭਾਰੀ ਖੱਜਲਖੁਆਰੀ ਦਾ ਸਾਹਮਣਾ ਕਰਨਾ ਪਿਆ। ਇਸ ਹੜਤਾਲ ਕਾਰਨ ਜਿਆਦਾ ਦਿੱਕਤਾਂ ਬਜ਼ੁਰਗਾਂ ਔਰਤਾਂ ਅਤੇ ਬੱਚਿਆਂ ਨਾਲ ਸਫਰ ਕਰਨ ਵਾਲਿਆਂ ਨੂੰ ਆਈਆਂ। ਅਚਾਨਕ ਬੋਲੇ ਇਸ ਹੱਲੇ ਕਾਰਨ ਮੁੱਖ ਸੜਕ ਤੇ ਆਵਾਜਾਈ ਜਾਮ ਹੋ ਗਈ ਅਤੇ ਗੱਡੀਆਂ ਦੀ ਕਤਾਰਾਂ ਲੱਗ ਗਈਆਂ ਜਿੰਨ੍ਹਾਂ ਨੂੰ ਕਾਾਫੀ ਮੁਸ਼ੱਕਤ ਉਪਰੰਤ ਪੁਲਿਸ ਨੇ ਬਦਲਵੇਂ ਰਸਤਿਆਂ ਰਾਹੀਂ ਲੰਘਾਇਆ। ਰਸਤੇ ਬੰਦ ਕਰਨ ਕਾਰਨ ਕਾਫੀ ਪ੍ਰਾਈਵੇਟ ਬੱਸਾਂ ਬੱਸ ਅੱਡੇ ਅੰਦਰ ਫਸ ਗਈਆਂ ਜਦੋਂਕਿ ਕੁੱਝ ਟਰਾਂਸਪੋਰਟਰਾਂ ਨੇ ਬਾਹਰੋਂ ਬੱਸਾਂ ਚਲਾਈਆਂ।
ਠੇਕਾ ਮੁਲਾਜਮਾਂ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਤੰਗ ਪ੍ਰਸ਼ਾਨ ਨਹੀਂ ਕਰਨਾ ਚਾਹੁੰਦੇ ਹਨ ਪਰ ਸਰਕਾਰ ਦੇ ਰਵਈਏ ਅਤੇ ਵਾਅਦਾ ਖਿਲਾਫੀ ਨੇ ਉਨ੍ਹਾਂ ਨੂੰ ਸੜਕਾਂ ਤੇ ਉੱਤਰਨ ਲਈ ਮਜਬੂਰ ਕੀਤਾ ਹੈ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਬਠਿੰਡਾ ਡਿੱਪੂ ਅੱਗੇ ਧਰਨਾ ਦੇ ਰਹੇ ਮੁਲਾਜਮਾਂ ਨੇ ਦਾਅਵਾ ਕੀਤਾ ਹੈ ਕਿ ਰੈਗੂਲਰ ਸਟਾਫ ਨੇ ਚੋਣਵੇਂ ਰੂਟਾਂ ਤੇ ਬੱਸਾਂ ਚਲਾਈਆਂ ਹਨ ਜਦੋਂਕਿ ਬਹੁਤੇ ਰੂਟ ਅੱਜ ਦੋ ਘੰਟੇ ਲਈ ਠੱਪ ਹੀ ਰਹੇ ਹਨ। ਯੂਨੀਅਨ ਦੇ ਸਰਪ੍ਰਸਤ ਕੁਲਦੀਪ ਸਿੰਘ, ਚੇਅਰਮੈਨ ਸਰਬਜੀਤ ਸਿੰਘ, ਪ੍ਰਧਾਨ ਗੁਰਸਿਕੰਦਰ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ, ਹਰਤਾਰ ਸਿੰਘ, ਖਜਾਨਚੀ ਰਵਿੰਦਰ ਸਿੰਘ, ਮਨਪ੍ਰੀਤ ਸਿੰਘ,ਰਣਜੀਤ ਸਿੰਘ,ਮਲਕੀਤ ਸਿੰਘ, ਮੁਲਾਜਮ ਆਗੂ ਬਲਵੀਰ ਸ਼ਰਮਾ ਅਤੇ ਹੋਰ ਬੁਲਾਰਿਆਂ ਨੇ ਬੱਸ ਅੱਡਾ ਚੌਂਕ ’ਚ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।
ਬਠਿੰਡਾ ਪੁਲਿਸ ਵੱਲੋਂ ਠੇਕਾ ਮੁਲਾਜਮਾਂ ਤੇ ਪੁਲਿਸ ਵੱਲੋਂ ਕੀਤੇ ਜਬਰ ਨੂੰ ਲੈਕੇ ਬੁਲਾਰਿਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਅਤੇ ਵਾਅਦਿਆਂ ਤੋਂ ਭੱਜਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੇਵਾਵਾਂ ਨਿਭਾ ਰਹੇ ਹਨ ਪਰ ਸਰਕਾਰ ਜਾਂ ਮਹਿਕਮਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਜਿਸ ਕਾਰਨ ਮੁਲਾਜ਼ਮਾਂ ਵਿਚ ਵੱਡਾ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਜੋਕਿ ਸੱਤਾ ਸੰਭਾਲਣ ਤੋਂ ਬਾਅਦ ਰੱਦੀ ਦੀ ਟੋਕਰੀ ’ਚ ਸੁੱਟ ਦਿੱਤਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਉਨ੍ਹਾਂ ਕਿਹਾ ਕਿ ਠੇਕਾ ਮੁਲਾਜਮਾਂ ਲਈ ਬਣਾਈ ਸਬ ਕਮੇਟੀ ਅਤੇ ਵਜ਼ਾਰਤ ਦੀ ਮੀਟਿੰਗ ਵੀ ਉਨ੍ਹਾਂ ਲਈ ਚੰਗਾ ਸੰਦੇਸ਼ ਨਹੀਂ ਲਿਆਈ ਜਿਸ ਕਾਰਨ ਮੁਲਾਜਮ ਰੋਹ ਨਾਲ ਭਰੇ ਪੀਤੇ ਬੈਠੇ ਹਨ। ਉਨ੍ਹਾਂ ਆਖਿਆ ਕਿ ਕੱਚੇ ਮੁਲਾਜਮ ਪਿਛਲੇ 14-15 ਸਾਲਾਂ ਤੋਂ ਠੇਕਾ ਪ੍ਰਣਾਲੀ ਦੀ ਚੱਕੀ ਦੇ ਪੁੜਾਂ ’ਚ ਪਿਸ ਰਹੇ ਹਨ ਜਿੰਨ੍ਹਾਂ ਨੂੰ ਕਦੇ ਖਜ਼ਾਨਾ ਖਾਲੀ ਹੋਣ ਅਤੇ ਕਦੇ ਕਾਨੂੰਨੀ ਅੜਚਨਾਂ ਦਾ ਬਹਾਨਾ ਬਣਾਕੇ ਪੱਕਾ ਨਹੀਂ ਕੀਤਾ ਜਾ ਰਿਹਾ ਜੋ ਪੰਜਾਬ ਸਰਕਾਰ ਨੂੰ ਮਹਿੰਗਾ ਪਵੇਗਾ। ਉਨ੍ਹਾਂ ਕਿਹਾ ਕਿ ਟਰਾਂਪੋਰਟ ਦੇ ਕੰਟਰੈਕਟ ਕਾਮੇ ਮਹਿਕਮੇ ਦੀ ਰੀੜ੍ਹ ਦੀ ਹੱਡੀ ਹਨ ਫਿਰ ਵੀ ਪੰਜਾਬ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰ ਰਹੀ ਜਿਸ ਦੇ ਰੋਸ ਵਜੋਂ ਹੁਣ 9 ਅਗਸਤ ਤੋਂ 11 ਅਗਸਤ ਤੱਕ ਤਿੰਨ ਦਿਨਾਂ ਲਈ ਹੜਤਾਲ ਤੇ ਜਾਣ ਦਾ ਫੈਸਲਾ ਕਰਨਾ ਪਿਆ ਹੈ।
ਆਗੂਆਂ ਨੇ ਸਰਕਾਰੀ ਬੱਸਾਂ ਦੀ ਗਿਣਤੀ ਘੱਟੋ ਘੱਟ 10 ਹਜਾਰ ਕਰਨ, ਪੰਜਾਬ ਰੋਡਵੇਜ,ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜਮ ਤਰੁੰਤ ਰੈਗੂਲਰ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਅਤੇ ਰਿਪੋਰਟਾਂ ਦੀ ਸ਼ਰਤ ਖਤਮ ਕਰਨ ਦੀ ਮੰਗ ਕੀਤੀ।ਆਗੂਆਂ ਨੇ ਚਿਤਾਵਨੀ ਦਿੱਤੀ ਕਿ ਟਰਾਂਸਪੋਰਟ ਵਿਭਾਗ ਦੇ ਸਮੂਹ ਕਾਮਿਆਂ ਨੂੰ ਪੱਕੇ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਏਗਾ ।