ਕਾਂਗਰਸੀ ਵਿਧਾਇਕ ਦਰਸ਼ਨ ਬਰਾੜ ਦੇ ਪੁੱਤ ਦਾ ਸਟੋਨ ਕ੍ਰਸ਼ਰ ਹੋਇਆ ਸੀਲ, ਪੜ੍ਹੋ ਪੂਰਾ ਮਾਮਲਾ
ਮੋਗਾ, 26 ਜੁਲਾਈ, 2021: ਕਾਂਗਰਸ ਦੇ ਬਾਘਾਪੁਰਾਣਾ ਹਲਕੇ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਪੁੱਤਰ ਗੁਰਜੰਟ ਸਿੰਘ ਬਰਾੜ ਵੱਲੋਂ ਕਥਿਤ ਤੌਰ ’ਤੇ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਲਾਇਆ ਸਟੋਨ ਕ੍ਰਸ਼ਰ ਜੰਗਲਾਤ ਵਿਭਾਗ ਨੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਸੀਲ ਕਰ ਦਿੱਤਾ ਹੈ।
ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਮੁਕੇਰੀਆਂ ਦੇ ਪਿੰਡ ਬ੍ਰਿੰਗਲੀ ਪੱਤਣ ਵਿਚ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਇਹ ਸਟੋਨ ਕ੍ਰਸ਼ਰ ਬਰਾੜ ਸਟੋਨ ਕ੍ਰਸ਼ਰ ਦੇ ਨਾਂ ਹੇਠ ਲਾਇਆ ਹੋਇਆ ਸੀ। ਇਹ ਲਾਉਣ ਵੇਲੇ ਦਾਅਵਾ ਕੀਤਾ ਗਿਆ ਸੀਕਿ ਇਹ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ।
ਇਸ ਮਗਰੋਂ ਪਿਛਲੇ ਦਿਨੀਂ ਇਸ ਗੱਲਦਾ ਖੁਲ੍ਹਾਸਾ ਹੋਇਆ ਕਿ ਇਸ ਕੋਲ ਫੋਰੈਸਟ ਕੰਜ਼ਰਵੇਸ਼ਨ ਐਕਟ 1980 ਦੀ ਧਾਰਾ 2 ਤਹਿਤ ਕੇਂਦਰ ਸਰਕਾਰ ਤੋਂ ਮਨਜ਼ੂਰੀ ਪ੍ਰਾਪਤ ਨਹੀਂ ਹੈ।
ਰਿਪੋਰਟ ਮੁਤਾਬਕ ਦਸੂਹਾ ਦੇ ਡਵੀਜ਼ਨਲ ਫੋਰੈਸਟ ਅਫਸਰ ਅਤੁਲ ਮਹਾਜਨ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੀ ਟੀਮ ਨੇ ਸ਼ੁੱਕਰਵਾਰ ਨੁੰ ਇਹ ਸਟੋਨ ਕ੍ਰਸ਼ਰ ਸੀਲ ਕਰ ਦਿੱਤਾ ਸੀ। ਹੁਣ ਜਦੋਂ ਤੱਕ ਇਸ ਕੋਲ ਕੇਂਦਰ ਤੋਂ ਐਨ ਓਸੀ ਨਹੀਂ ਆਉਂਦੀ, ਇਹ ਯੂਨਿਟ ਸੀਲ ਹੀ ਰਹੇਗੀ।