ਅਮਰੀਕਾ: ਰਾਸ਼ਟਰਪਤੀ ਦੇ ਮੁੱਖ ਸਲਾਹਕਾਰ ਡਾਕਟਰ ਨੂੰ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਵਾਲੇ ਵਿਅਕਤੀ ਨੂੰ ਹੋ ਸਕਦੀ ਹੈ ਜੇਲ੍ਹ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 29 ਜੁਲਾਈ 2021 - ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਅਤੇ ਛੂਤ ਦੀਆਂ ਬਿਮਾਰੀਆਂ ਦੇ ਡਾਇਰੈਕਟਰ ਅਤੇ ਰਾਸ਼ਟਰਪਤੀ ਦੇ ਮੁੱਖ ਡਾਕਟਰੀ ਸਲਾਹਕਾਰ ਵਜੋਂ ਕੰਮ ਕਰਦੇ ਡਾਕਟਰ ਐਂਥਨੀ ਸਟੀਫਨ ਫੌਸੀ ਨੂੰ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਵਿਅਕਤੀ ਨੂੰ ਲੰਮੇ ਸਮੇਂ ਲਈ ਜੇਲ੍ਹ ਭੇਜਿਆ ਜਾ ਸਕਦਾ ਹੈ। ਇਸ ਮਾਮਲੇ ਵਿੱਚ ਮੈਰੀਲੈਂਡ ਦੇ ਇੱਕ ਵਿਅਕਤੀ ਨੂੰ ਇਕ ਹੋਰ ਡਾਕਟਰ ਸਮੇਤ ਐਂਥਨੀ ਫੌਸੀ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਥੌਮਸ ਪੈਟਰਿਕ ਕੌਨਲੀ ਜੂਨੀਅਰ (56) ਨਾਮ ਦੇ ਇਸ ਵਿਅਕਤੀ ਨੇ ਧਮਕੀ ਭਰੇ ਕਈ ਈਮੇਲ ਭੇਜੇ ਜੋ ਬੰਦੂਕ ਦੀ ਹਿੰਸਾ, ਸਰੀਰਕ ਕੁੱਟਮਾਰ, ਟੌਰਚਰ ਅਤੇ ਅਗਨੀ ਕਾਂਡ ਦੀਆਂ ਧਮਕੀਆਂ ਦਿੰਦੇ ਸਨ।
ਐਂਥਨੀ ਨੂੰ ਧਮਕੀ ਭਰੇ ਈਮੇਲ ਸੰਦੇਸ਼ ਇੱਕ ਇਨਕ੍ਰਿਪਟਡ ਸਵਿਸ ਅਧਾਰਿਤ ਈਮੇਲ ਖਾਤੇ ਤੋਂ ਦਸੰਬਰ ਅਤੇ ਪਿਛਲੇ ਹਫਤੇ ਦੇ ਵਿਚਕਾਰ ਭੇਜੇ ਗਏ। ਕੌਨਲੀ ਦੇ ਦਸੰਬਰ ਵਿੱਚ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਅਤੇ ਛੂਤ ਦੀਆਂ ਬੀਮਾਰੀਆਂ ਵਿੱਚ ਫੌਸੀ ਦੇ ਕੰਮ ਦੇ ਈਮੇਲ ਪਤੇ ਵਿੱਚ ਇਹ ਸੰਦੇਸ਼ ਭੇਜੇ। ਅਮਰੀਕੀ ਅਟਾਰਨੀ ਅਨੁਸਾਰ ਅਜਿਹੀ ਇੱਕ ਈਮੇਲ ਵਿੱਚ, ਉਸਨੇ ਲਿਖਿਆ ਕਿ ਉਸਨੂੰ ਉਮੀਦ ਹੈ ਕਿ ਆਖਰੀ ਸੱਤ ਰਾਸ਼ਟਰਪਤੀਆਂ ਦੇ ਮੁੱਖ ਮੈਡੀਕਲ ਸਲਾਹਕਾਰ ਅਤੇ ਉਸਦੇ ਪਰਿਵਾਰ ਨੂੰ ਗਲੀ ਵਿੱਚ ਘਸੀਟਿਆ , ਕੁੱਟਿਆ ਜਾਵੇਗਾ ਅਤੇ ਅੱਗ ਲਾ ਦਿੱਤੀ ਜਾਵੇਗੀ। ਇਸ ਮਾਮਲੇ ਵਿੱਚ ਇਸ ਹਫਤੇ ਕੌਨਲੀ ਨੂੰ ਇੱਕ ਫੈਡਰਲ ਅਧਿਕਾਰੀ ਖਿਲਾਫ ਧਮਕੀਆਂ ਦੇਣ ਦੇ ਦੋਸ਼ ਵਿੱਚ ਜੱਜ ਸਾਹਮਣੇ ਪੇਸ਼ ਕੀਤੇ ਜਾਣ ਦੀ ਉਮੀਦ ਹੈ ਅਤੇ ਜੇ ਉਸਨੂੰ ਪਬਲਿਕ ਅਧਿਕਾਰੀਆਂ ਨੂੰ ਧਮਕੀਆਂ ਦੇਣ ਲਈ ਦੋਸ਼ੀ ਮੰਨਿਆ ਜਾਂਦਾ ਹੈ ਤਾਂ ਕੌਨਲੀ ਨੂੰ 10 ਸਾਲ ਤੱਕ ਦੀ ਸਜਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।