ਸਾਰੀਆਂ ਜਮਾਤਾਂ ਲਈ ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਸਰਕਾਰੀ ਸਕੂਲਾਂ 'ਚ ਉਤਸ਼ਾਹ ਨਾਲ ਪਹੁੰਚੇ ਵਿਦਿਆਰਥੀ
ਪਰਵਿੰਦਰ ਸਿੰਘ ਕੰਧਾਰੀ
- ਅਧਿਕਾਰੀਆਂ ਅਤੇ ਅਧਿਆਪਕਾਂ ਨੇ ਕੀਤਾ ਬੱਚਿਆਂ ਦਾ ਸੁਆਗਤ, ਬੱਚਿਆਂ ਤੇ ਕੀਤੀ ਫ਼ੁੱਲਾਂ ਦੀ ਵਰਖਾ
ਫ਼ਰੀਦਕੋਟ, 2 ਅਗਸਤ 2021 - ਸੂਬਾ ਸਰਕਾਰ ਵੱਲੋਂ ਕੋਰੋਨਾ ਸਥਿਤੀ 'ਚ ਸੁਧਾਰ ਦੇ ਮੱਦੇਨਜ਼ਰ ਸਕੂਲੀ ਵਿਦਿਆਰਥੀਆਂ ਬਾਰੇ ਜਾਰੀ ਹਦਾਇਤਾਂ ਅਨੁਸਾਰ ਅੱਜ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਸਕੂਲਾਂ 'ਚ ਆਏ | ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਸੱਤਪਾਲ ਅਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਫ਼ਰੀਦਕੋਟ ਸ਼ਿਵਰਾਜ ਕਪੂਰ ਨੇ ਦੱਸਿਆ ਕਿ ਤਕਰੀਬਨ ਪੰਜ ਮਹੀਨਿਆਂ ਲਈ ਬੰਦ ਰਹੇ ਸਕੂਲ ਮੁੜ ਤੋਂ ਪੂਰੀ ਤਰ੍ਹਾਂ ਖੁੱਲ ਗਏ ਹਨ |
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ 2 ਅਗਸਤ ਤੋਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਸਕੂਲ ਆਉਣਾ ਸ਼ੁਰੂ ਕਰ ਦਿੱਤਾ ਹੈ ਜਦਕਿ ਦਸਵੀਂ ਤੋਂ ਬਾਰਵੀਂ ਤੱਕ ਦੀਆਂ ਸੀਨੀਅਰ ਜਮਾਤਾਂ ਦੇ ਵਿਦਿਆਰਥੀ 26 ਜੁਲਾਈ ਤੋਂ ਹੀ ਸਕੂਲ ਆ ਕੇ ਜਮਾਤ ਕਮਰਿਆਂ 'ਚ ਆਫਲਈਨ ਪੜਾਈ ਕਰ ਰਹੇ ਹਨ | ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਵੱਲੋਂ ਵਿਦਿਆਰਥੀਆਂ ਦੀ ਸਕੂਲਾਂ 'ਚ ਆਮਦ ਦੇ ਮੱਦੇਨਜ਼ਰ ਸਾਫ ਸਫਾਈ ਅਤੇ ਕੋਰੋਨਾ ਹਦਾਇਤਾਂ ਦੇ ਪਾਲਣ ਦੇ ਸਮੁੱਚੇ ਪ੍ਰਬੰਧ ਮੁਕੰਮਲ ਕੀਤੇ ਗਏ ਸਨ | ਸਕੂਲਾਂ ਵੱਲੋਂ ਜਮਾਤ ਕਮਰਿਆਂ ਦੀ ਸਾਫ ਸਫਾਈ ਕਰਵਾਉਣ ਦੇ ਨਾਲ ਨਾਲ ਵਿਦਿਆਰਥੀਆਂ ਦੀ ਪੜਾਈ ਦੇ ਮੱਦੇਨਜ਼ਰ ਪ੍ਰਾਜੈਕਟਰ,ਐਲ.ਸੀ.ਡੀਜ਼ ਅਤੇ ਐਜੂਸੈਟ ਆਦਿ ਦੀ ਚਾਲੂ ਸਥਿਤੀ ਦੇ ਪ੍ਰਬੰਧ ਵੀ ਮੁਕੰਮਲ ਕੀਤੇ ਗਏ ਸਨ |
ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਅਤੇ ਸ਼੍ਰੀਮਤੀ ਮਨਿੰਦਰ ਕੌਰ ਉਪ ਜ਼ਿਲਾ ਸਿੱਖਿਆ ਐਲੀਮੈਂਟਰੀ ਨੇ ਦੱਸਿਆ ਕਿ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਵੱਲੋਂ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਸਕੂਲ ਖੁੱਲਣ ਦੀ ਸੂਚਨਾ ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਤੱਕ ਪਹਿਲਾਂ ਹੀ ਪਹੁੰਚਾ ਦਿੱਤੀ ਗਈ ਸੀ | ਸਕੂਲ ਖੁੱਲਣ ਨੂੰ ਲੈ ਕੇ ਅਧਿਆਪਕਾਂ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪੁਸਤਕਾਂ ਅਤੇ ਸਹਾਇਕ ਪੂਰਨ ਸਮੱਗਰੀ ਵੀ ਵਿਦਿਆਰਥੀਆਂ ਤੱਕ ਪਹਿਲਾਂ ਹੀ ਪਹੁੰਚਦੀ ਕੀਤੀ ਗਈ ਹੈ | ਸਰਕਾਰੀ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਵਰਦੀਆਂ ਵੀ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ | ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਆ ਰਹੇ ਵਿਦਿਆਰਥੀਆਂ ਨੂੰ ਅਗਸਤ ਮਹੀਨੇ ਦੀ ਪੜਾਈ ਜਮਾਤ ਕਮਰਿਆਂ 'ਚ ਸ਼ੁਰੂ ਕਰਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਕਿਉਂਕਿ ਅਪ੍ਰੈਲ, ਮਈ ਅਤੇ ਜੁਲਾਈ ਮਹੀਨਿਆਂ ਦਾ ਪਾਠਕ੍ਰਮ ਪਹਿਲਾਂ ਹੀ ਆਨਲਾਈਨ ਤਰੀਕੇ ਕਰਵਾ ਕੇ ਵਿਦਿਆਰਥੀਆਂ ਨੂੰ ਪੜਾਈ ਨਾਲ ਜੋੜੀ ਰੱਖਿਆ ਗਿਆ ਹੈ | ਸਰਕਾਰੀ ਮਿਡਲ ਸਕੂਲ ਬੁਰਜ ਮਸਤਾ ਵਿਖੇ ਸਕੂਲ ਮੁਖੀ ਗੁਰਵਿੰਦਰ ਸਿੰਘ ਧੀਂਗੜਾ, ਹਿੰਮਤ ਬਾਂਸਲ, ਜਸਪ੍ਰੀਤ ਕੌਰ, ਬਲਜਿੰਦਰ ਕੌਰ, ਗੁਰਪ੍ਰੀਤ ਸੰਘਰ, ਰੁਪਿੰਦਰ ਸਿੰਘ ਭੁੱਲਰ ਅਧਿਆਪਕਾਂ ਨੇ ਬੱਚਿਆਂ ਦੇ ਹਾਰ ਪਹਿਨਾ ਕੇ ਸੁਆਗਤ ਕੀਤਾ | ਅੱਜ ਜ਼ਿਲੇ ਦੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਉਪ ਜ਼ਿਲਾ ਸਿੱਖਿਆ ਅਫ਼ਸਰ ਮਨਿੰਦਰ ਕੌਰ ਨੇ ਬੱਚਿਆਂ ਦਾ ਸੁਆਗਤ ਕੀਤਾ | ਉਨ੍ਹਾਂ ਬੱਚਿਆਂ ਨੂੰ ਹਰ ਰੋਜ਼ ਸਕੂਲ ਆਉਣ, ਮਾਪਿਆਂ-ਅਧਿਆਪਕਾਂ ਦਾ ਸਤਿਕਾਰ ਕਰਨ, ਪੂਰਨ ਤਨਦੇਹੀ ਨਾਲ ਸਿੱਖਿਆ ਪ੍ਰਾਪਤ ਕਰਨ ਵਾਸਤੇ ਉਤਸ਼ਾਹਿਤ ਕੀਤਾ |
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਦੇ ਪਿ੍ੰਸੀਪਲ ਰਾਜਵਿੰਦਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਕਲਾਂ ਦੇ ਪਿ੍ੰਸੀਪਲ ਦੀਪਕ ਸਿੰਘ ਨੇ ਦੱਸਿਆ ਕਿ ਸਕੂਲ ਪਹੁੰਚੇ ਵਿਦਿਆਰਥੀਆਂ ਸਬੰਧੀ ਕੋਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ | ਸਰਕਾਰੀ ਹਾਈ ਸਕੂਲ ਟਹਿਣਾ ਵਿਖੇ ਸਕੂਲ ਦੇ ਹੈੱਡਮਿਸਟ੍ਰੈੱਸ ਆਸ਼ਾ ਬਜਾਜ, ਨਵੀ ਪਿੱਪਲੀ ਦੇ ਹੈੱਡ ਮਿਸਟ੍ਰੈੱਸ ਰਵਿੰਦਰ, ਸਰਕਾਰੀ ਹਾਈ ਸਕੂਲ ਬੀੜ ਸਿੱਖਾਂਵਾਲਾ ਦੇ ਹੈੱਡ ਮਿਸਟ੍ਰੈੱਸ ਹਰਸਿਮਰਨਜੀਤ ਕੌਰ, ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜੀਵਨ ਨਗਰ ਦੀ ਹੈੱਡ ਟੀਚਰ ਨਿਰਮਲਜੀਤ ਕੌਰ ਸਮੇਤ ਬਹੁਤ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੇ ਦੱਸਿਆ ਕਿ ਸਕੂਲ ਖੁੱਲਣ ਦੇ ਪਹਿਲੇ ਦਿਨ ਵਿਦਿਆਰਥੀ ਉਤਸ਼ਾਹ ਨਾਲ ਸਕੂਲਾਂ 'ਚ ਪਹੁੰਚੇ | ਇਸ ਮੌਕੇ ਮੋਨਿਕਾ ਮਿੱਤਲ, ਪਿੰਦਰ ਸਿੰਘ, ਹਰਿੰਦਰ ਸਿੰਘ, ਪ੍ਰਭਜੋਤ ਕੌਰ, ਵੀਰਪਾਲ ਕੌਰ, ਮਨਜੀਤ ਕੌਰ, ਸੁਖਜਿੰਦਰ ਕੌਰ, ਅਰਾਧਨਾ, ਸੁਨੀਤਾ ਰਾਣੀ, ਸਰਬਜੀਤ ਕੌਰ ਅਧਿਆਪਕਾਂ ਨੇ ਬੱਚਿਆਂ ਤੇ ਫ਼ੁੱਲਾਂ ਦੀ ਵਰਖਾ ਕੀਤੀ | ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਪਹਿਲੇ ਦਿਨ ਸਕੂਲ ਅੰਦਰ ਰੌਣਕਾਂ ਲੱਗਣ ਕਾਰਨ ਅਧਿਆਪਕਾਂ, ਮਾਪਿਆਂ ਤੇ ਬੱਚਿਆਂ 'ਚ ਖੁਸ਼ੀ ਦੀ ਲਹਿਰ ਹੈ |