ਅਮਰੀਕਾ ਵੱਲੋਂ ਅਫਗਾਨ ਸ਼ਰਨਾਰਥੀਆਂ ਲਈ ਸ਼ੁਰੂ ਕੀਤਾ ਜਾਵੇਗਾ ਇੱਕ ਨਵਾਂ ਪ੍ਰੋਗਰਾਮ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 2 ਅਗਸਤ 2021 - ਅਮਰੀਕਾ ਵਿੱਚ ਜੋਅ ਬਾਈਡੇਨ ਦਾ ਪ੍ਰਸ਼ਾਸਨ ਕੁੱਝ ਅਫਗਾਨਾਂ ਨੂੰ ਅਮਰੀਕਾ ਵਿੱਚ ਸ਼ਰਨਾਰਥੀਆਂ ਵਜੋਂ ਵਸਾਉਣ ਲਈ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰੇਗਾ। ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਅਮਰੀਕੀ ਸਟੇਟ ਵਿਭਾਗ ਵੱਲੋਂ ਸੋਮਵਾਰ ਨੂੰ ਦੋ ਸ਼ਰਨਾਰਥੀ ਪ੍ਰੋਗਰਾਮ ਸ਼ੁਰੂ ਕਰਨ ਸਬੰਧੀ ਘੋਸ਼ਣਾ ਕੀਤੇ ਜਾਣ ਦੀ ਉਮੀਦ ਹੈ। ਇਹ ਪ੍ਰੋਗਰਾਮ ਇਸ ਮਹੀਨੇ ਦੇ ਅਖੀਰ ਵਿੱਚ ਅਮਰੀਕੀ ਫੌਜਾਂ ਦੀ ਵਾਪਸੀ ਦੀ ਸਮਾਪਤੀ ਤੋਂ ਪਹਿਲਾਂ ਅਫਗਾਨਿਸਤਾਨ ਵਿੱਚ ਫੌਜੀਆਂ ਦੀ ਸਹਾਇਤਾ ਕਰਨ ਵਾਲੇ ਲੋਕਾਂ ਦੀ ਮੱਦਦ ਲਈ ਸ਼ੁਰੂ ਕੀਤਾ ਜਾਵੇਗਾ।
ਅਧਿਕਾਰੀ ਅਨੁਸਾਰ ਇਹ ਨਵਾਂ ਸ਼ਰਨਾਰਥੀ ਪ੍ਰੋਗਰਾਮ ਉਨ੍ਹਾਂ ਅਫਗਾਨਾਂ ਨੂੰ ਕਵਰ ਕਰੇਗਾ ਜੋ ਯੂ ਐਸ ਦੁਆਰਾ ਫੰਡ ਪ੍ਰਾਪਤ ਪ੍ਰਾਜੈਕਟਾਂ , ਅਮਰੀਕਾ ਅਧਾਰਿਤ ਗੈਰ-ਸਰਕਾਰੀ ਸੰਸਥਾਵਾਂ ਅਤੇ ਮੀਡੀਆ ਆਊਟਲੇਟਸ ਲਈ ਕੰਮ ਕਰਦੇ ਸਨ। ਇਹ ਲੋਕ ਅਫਗਾਨ ਸਪੈਸ਼ਲ ਇਮੀਗ੍ਰੇਸ਼ਨ ਵੀਜ਼ਾ (ਐੱਸ ਆਈ ਵੀ) ਪ੍ਰੋਗਰਾਮ ਲਈ ਯੋਗ ਨਹੀਂ ਹਨ, ਜਿਸ ਵਿੱਚ ਦੁਭਾਸ਼ੀਏ ਅਤੇ ਹੋਰ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਅਮਰੀਕੀ ਸਰਕਾਰ ਲਈ ਕੰਮ ਕੀਤਾ ਹੈ।
ਇਸ ਨਵੇਂ ਅਫਗਾਨ ਪ੍ਰੋਗਰਾਮ ਲਈ ਬਿਨੈਕਾਰਾਂ ਦੀਆਂ ਅਰਜੀਆਂ ਨੂੰ ਅਮਰੀਕੀ ਏਜੰਸੀਆਂ, ਸੀਨੀਅਰ ਅਮਰੀਕੀ ਅਧਿਕਾਰੀਆਂ, ਗੈਰ-ਸਰਕਾਰੀ ਸੰਸਥਾਵਾਂ ਜਾਂ ਮੀਡੀਆ ਆਊਟਲੈਟਸ ਦੁਆਰਾ ਰੈਫਰ ਕਰਨ ਦੀ ਲੋੜ ਹੋਵੇਗੀ।