ਅਮਰੀਕਾ: ਕੋਰੋਨਾ ਕੇਸਾਂ ਕਾਰਨ ਫੇਸ ਮਾਸਕ ਦੀ ਵਿਕਰੀ 'ਚ ਦੁਬਾਰਾ ਹੋਇਆ ਵਾਧਾ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 2 ਅਗਸਤ 2021 - ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਸਿਹਤ ਮਾਹਿਰਾਂ ਵੱਲੋਂ ਵਾਇਰਸ ਦੀ ਲਾਗ ਨੂੰ ਰੋਕਣ ਲਈ ਫੇਸ ਮਾਸਕ ਦੀ ਵਰਤੋਂ ਨੂੰ ਬਹੁਤ ਜਰੂਰੀ ਦੱਸਿਆ ਗਿਆ ਹੈ। ਇਸ ਦੀ ਵਰਤੋਂ ਕਰਕੇ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਅਮਰੀਕਾ ਵਿੱਚ ਕੁੱਝ ਸਮਾਂ ਪਹਿਲਾਂ ਫੇਸ ਮਾਸਕ ਪਹਿਨਣ ਵਿੱਚ ਦਿੱਤੀ ਢਿੱਲ ਨਾਲ ਇਸਦੀ ਵਿਕਰੀ ਘਟ ਗਈ ਸੀ ਪਰ ਹੁਣ ਸੀ ਡੀ ਸੀ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਇਰਸ ਦੇ ਵਧ ਰਹੇ ਮਾਮਲਿਆਂ ਕਾਰਨ ਫੇਸ ਮਾਸਕਾਂ ਦੀ ਵਿਕਰੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਕਾਰੋਬਾਰਾਂ ਅਨੁਸਾਰ ਹਾਲ ਹੀ ਦੇ ਹਫਤਿਆਂ ਵਿੱਚ ਮਾਸਕ ਦੀ ਵਿਕਰੀ ਵੱਧ ਰਹੀ ਹੈ ਕਿਉਂਕਿ ਅਮੈਰੀਕਨ ਕੋਰੋਨਾ ਵਾਇਰਸ ਦੇ ਡੈਲਟਾ ਰੂਪ ਦੇ ਵੱਧ ਰਹੇ ਮਾਮਲਿਆਂ ਬਾਰੇ ਚਿੰਤਤ ਹਨ। ਇਹਨਾਂ ਦੀ ਵਿਕਰੀ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ ਕਿਉਂਕਿ ਸੀ ਡੀ ਸੀ ਦੇ ਮਾਸਕਿੰਗ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੁੱਝ ਵਾਇਰਸ ਪ੍ਰਭਾਵਿਤ ਖੇਤਰਾਂ ਵਿੱਚ ਕੋਰੋਨਾ ਟੀਕੇ ਲੱਗੇ ਹੋਏ ਲੋਕਾਂ ਨੂੰ ਵੀ ਫੇਸ ਮਾਸਕ ਪਾਉਣ ਦੀ ਜਰੂਰਤ ਹੈ।
ਅਡੋਬ ਡਿਜੀਟਲ ਇਕਾਨਮੀ ਇੰਡੈਕਸ ਦੇ ਅਨੁਸਾਰ, ਮਈ ਤੋਂ ਹਫਤਾਵਾਰੀ ਗਿਰਾਵਟ ਤੋਂ ਬਾਅਦ ਮੰਗਲਵਾਰ ਨੂੰ ਖਤਮ ਹੋਏ ਹਫਤੇ ਵਿੱਚ ਮਾਸਕ ਦੀ ਵਿਕਰੀ 24% ਵਧੀ ਹੈ। ਸਾਨ ਫ੍ਰਾਂਸਿਸਕੋ ਦੀ ਇੱਕ ਰਿਟੇਲ ਕੰਪਨੀ ਇੰਸਟਾ ਕਾਰਟ ਨੇ ਕਿਹਾ ਕਿ ਇਸ ਦੇ ਆਨਲਾਈਨ ਪਲੇਟਫਾਰਮ ਰਾਹੀਂ ਮਾਸਕ ਦੀ ਵਿਕਰੀ ਜੁਲਾਈ ਦੇ ਚੌਥੇ ਹਫਤੇ ਦੇ ਅੰਤ ਤੋਂ ਵਧੀ ਹੈ, ਜੋ ਕਿ ਅਪ੍ਰੈਲ ਵਿੱਚ ਘਟਨੀ ਸ਼ੁਰੂ ਹੋਈ ਸੀ। ਇਸਦੇ ਇਲਾਵਾ ਸਰਚ ਇੰਝਣ ਗੂਗਲ ਅਨੁਸਾਰ ਵੀ ਸੀ ਡੀ ਸੀ ਦੀ ਘੋਸ਼ਣਾ ਤੋਂ ਬਾਅਦ "ਮਾਸਕ" ਸ਼ਬਦ ਦੀ ਸਰਚ ਦੁੱਗਣੀ ਹੋ ਗਈ ਹੈ।