ਜਗਰੂਪ ਗਿੱਲ ਆਪ ’ਚ ਸ਼ਾਮਲ, ਬਾਦਲਾਂ ਦੇ ਹਲਕੇ ’ਚ ਸਿਆਸਤ ਗਰਮਾਈ
ਅਸ਼ੋਕ ਵਰਮਾ
ਬਠਿੰਡਾ,2 ਅਗਸਤ 2021: ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਾਥੀ ਅਤੇ ਬਠਿੰਡਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸੀਨੀਅਰ ਕਾਂਗਰਸੀ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਅੱਜ ਵਿੱਤ ਮੰਤਰੀ ਦੇ ਹਲਕੇ ’ਚ ਸਿਆਸਤ ਨੂੰ ਗਰਮਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਗੁਰਮੀਤ ਸਿੰਘ ਖੁੱਡੀਆਂ ਤੋਂ ਬਾਅਦ ਜਗਰੂਪ ਸਿੰਘ ਗਿੱਲ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਕੇ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਸ਼ਮੂਲੀਅਤ ਕਰ ਲਈ ਹੈ। ਆਮ ਆਦਮੀ ਪਾਰਟੀ ਨੇ ਇਸ ਸ਼ਮੂਲੀਅਤ ਨੂੰ ਮਾਲਵਾ ਖੇਤਰ ਵਿੱਚ ਕਾਂਗਰਸ ਨੂੰ ਲੱਗਿਆ ਇੱਕ ਵੱਡਾ ਝਟਕਾ ਕਰਾਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਬੇਹੱਦ ਕਰੀਬੀ ਰਹੇ ਜਗਰੂਪ ਸਿੰਘ ਗਿੱਲ ਜ਼ਿਲ੍ਹ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਮੇਤ ਨਗਰ ਕੌਂਸਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਜਗਰੂਪ ਸਿੰਘ ਗਿੱਲ 1979 ਤੋਂ ਕੌਸਲਰ ਬਣਦੇ ਆ ਰਹੇ ਹਨ ਅਤੇ ਹੁਣ 7ਵੀਂ ਵਾਰ ਕੌਸਲਰ ਹਨ।
ਗਿੱਲ ਸਾਲ 1992 ਤੋਂ 1997 ਤੱਕ ਨਗਰ ਪਾਲਿਕਾ ਬਠਿੰਡਾ ਦੇ ਪ੍ਰਧਾਨ ਰਹੇ ਹਨ। ਅਜਿਹੇ ਹਾਲਾਤਾਂ ’ਚ ਗਿੱਲ ਦਾ ਆਮ ਆਦਮੀ ਪਾਰਟੀ ’ਚ ਆਮ ਲੋਕਾਂ ਨੂੰ ਹੈਰਾਨ ਕਰਨ ਵਾਲਾ ਹੈ ਪਰ ਅਲੋਕਾਰੀ ਨਹੀਂ ਹੈ। ਮੇਅਰ ਦੀ ਚੇਅਰ ਦੇ ਰੌਲੇ ਤੋਂ ਬਾਅਦ ਸ੍ਰੀ ਗਿੱਲ ਵੱਲੋੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਝੰਡਾ ਚੁੱਕਣ ਮਗਰੋਂ ਇਹ ਵਰਤਾਰਾ ਵਰਤਣ ਦੀ ਚਰਚਾ ਤਾਂ ਹੱਟੀ ਭੱਠੀ ਤੇ ਹੋਣ ਲੱਗੀ ਸੀ। ਦੱਸਣਯੋਗ ਹੈ ਕਿ ਜਗਰੂਪ ਗਿੱਲ ਕਾਂਗਰਸ ਪਾਰਟੀ ਨਾਲ ਉਦੋਂ ਤੋਂ ਨਰਾਜ਼ ਚੱਲੇ ਆ ਰਹੇ ਸਨ ਜਦੋਂ ਸ਼ਹਿਰ ਵਾਸੀਆਂ ਦੀਆਂ ਭਾਵਨਾਵਾਂ ਅਤੇ ਗਿੱਲ ਦੀ ਸੀਨੀਆਰਤਾ ਨੂੰ ਨਜ਼ਅੰਦਾਜ਼ ਕਰਦਿਆਂ ਪਹਿਲੀ ਵਾਰ ਨਗਰ ਨਿਗਮ ਦੀ ਚੋਣ ਜਿੱਤੀ ਇੱਕ ਘਰੇਲੂ ਔਰਤ ਰਮਨ ਗੋਇਲ ਨੂੰ ਨਗਰ ਨਿਗਮ ਬਠਿੰਡਾ ਦਾ ਮੇਅਰ ਬਣਾ ਦਿੱਤਾ ਸੀ। ਜਿਲ੍ਹਾ ਸ਼ਹਿਰੀ ਪ੍ਰਧਾਨ ਨੀਲ ਗਰਗ ਦਾ ਕਹਿਣਾ ਸੀ ਕਿ ਗਿੱਲ ਦੇ ਆਪ ’ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਵਿੱਤ ਮੰਤਰੀ ਦੇ ਹਲਕੇ ’ਚ ਬਲ ਮਿਲੇਗਾ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜਗਰੂਪ ਗਿੱਲ ਨੂੰ ਪਾਰਟੀ ’ਚ ਸ਼ਾਮਲ ਕਰਵਾਉਣ ਪਿੱਛੇ ਉਨ੍ਹਾਂ ਦਾ ਵੱਡਾ ਸਿਆਸੀ ਕੱਦ ਹੀ ਅਹਿਮ ਕਾਰਨ ਰਿਹਾ ਹੈ ਜੋ ਦਿਨੋ ਦਿਨ ਵਧਦਾ ਹੀ ਜਾ ਰਿਹਾ ਸੀ। ਇਸ ਨੂੰ ਦੇਖਦਿਆਂ ਗਿੱਲ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੂੰ ਮਜਬੂਤ ਕਰਨ ਲਈ ਅਹਿਮ ਚਿਹਰੇ ਦੇ ਰੂਪ ’ਚ ਸਾਹਮਣੇ ਆ ਸਕਦੇ ਸਨ। ਅਸਲ ’ਚ ਇਸ ਮਾਮਲੇ ਦੇ ਸੂਤਰਧਾਰ ਆਪ ਦੇ ਸਥਾਨਕ ਲੀਡਰ ਹੀ ਰਹੇ ਹਨ ਜਿੰਨ੍ਹਾਂ ਨੇ ਗਿੱਲ ਕੋਲ ਪਹੁੰਚ ਕਰਕੇ ਇਹ ਪੇਸ਼ਕਸ਼ ਕੀਤੀ ਸੀ ਪਰ ਆਪਣੇ ਸਾਊ ਸੁਭਾਅ ਕਾਰਨ ਉਹ ਝਿਜਕ ਰਹੇ ਸਨ। ਜਾਣਕਾਰੀ ਅਨੁਸਾਰ ਫਿਰ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੇ ਮੋਰਚਾ ਸੰਭਾਲਿਆ ਜਿੰਨ੍ਹਾਂ ਗੇਂਦ ਕੋਰ ਕਮੇਟੀ ਦੇ ਪਾਲੇ ’ਚ ਪੁੱਜਦੀ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗਿੱਲ ਦੇ ਅੰਦਰ ਛੁਪੇ ਆਮ ਆਦਮੀ ਨੂੰ ਪਛਾਣ ਲਿਆ ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ।
ਗਿੱਲ ਦੇ ਝਟਕੇ ਦਾ ਅਸਰ ਘਟਾਉਣ ਦੀ ਕੋਸ਼ਿਸ਼
ਇਹ ਨਹੀਂ ਕਿ ਜਗਰੂਪ ਗਿੱਲ ਦੀਆਂ ਬਾਗੀ ਸੁਰਾਂ ਕਾਰਨ ਕਾਂਗਰਸ ਨੇ ਕੋਸ਼ਿਸ਼ ਨਹੀਂ ਕੀਤੀ ਬਲਕਿ ਸਭ ਤੋਂ ਪਹਿਲਾਂ ਤਾਜਾ ਝਟਕਿਆਂ ਦਾ ਅਸਰ ਘੱਟ ਕਰਨ ਲਈ ਪੂਰੀ ਤਰਾਂ ਗਿੱਲ ਦੀ ਖੰਘ ’ਚ ਖੰਘਣ ਵਾਲੇ ਕੌਂਸਲਰ ਹਰਵਿੰਦਰ ਲੱਡੂ ਨੂੰ ਅਡਜਸਟ ਕੀਤਾ ਗਿਆ। ਇਸ ਦੇ ਨਾਲ ਹੀ ਪਿਛਲੇ ਕਾਫੀ ਸਮੇਂ ਤੋਂ ਅਣਗੌਲਿਆ ਕੀਤੇ ਰਾਜਨ ਗਰਗ ਨੂੰ ਕੇਂਦਰ ਬਿੰਦੂ ਬਨਾਉਣ ਲਈ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਕਿਉਂਕਿ ਉਨ੍ਹਾਂ ਦੇ ਪਿਤਾ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਦਾ ਸ਼ਹਿਰ ’ਚ ਵੱਡਾ ਅਧਾਰ ਹੈ। ਇਸ ਦੇ ਨਾਲ ਹੀ ਮਨਪ੍ਰੀਤ ਬਾਦਲ ਦੇ ਪ੍ਰੀਵਾਰ ਨੇ ਬਠਿੰਡਾ ’ਚ ਆਪਣੀ ਪੂਰੀ ਤਾਕਤ ਝੋਂਕ ਦਿੱਤੀ ਹੈ। ਅਜਿਹੇ ਹਾਲਾਤਾਂ ’ਚ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਬਨਾਮ ਦੇ ਸਾਹਮਣੇ ਜਗਰੂਪ ਗਿੱਲ ਉਮੀਦਵਾਰ ਹੋ ਸਕਦੇ ਹਨ ਕਿਉਂਕਿ ਗਿੱਲ ਨੂੰ ਹਮਦਰਦੀ ਦੀ ਵੋਟ ਮਿਲ ਸਕਦੀ ਹੈ।
ਸਹੀ ਦਿਸ਼ਾ ’ਚ ਘੁਮਾਵਾਂਗੇ ਸਿਆਸਤ ਦਾ ਚੱਕਾ
‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋਏ ਜਗਰੂਪ ਸਿੰਘ ਗਿੱਲ ਨੇ ਕਿਹਾ, ‘ਪੰਜਾਬ ਤਬਦੀਲੀ ਦੀ ਕਰਵਟ ਲੈ ਰਿਹਾ ਹੈ। ਅਸੀਂ ਮਾਲਵੇ ਸਮੇਤ ਸਮੁੱਚੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇਵਾਂਗੇ ਕਿਉਂਕਿ ਪੰਜਾਬ ‘ਆਪ’ ਦੀ ਸਰਕਾਰ ਦੀ ਉਡੀਕ ਕਰ ਰਿਹਾ ਹੈ।’ ਉਨ੍ਹ੍ਹਾਂ ਕਿਹਾ ਕਿ ਉਹ ਸਿਆਸਤ ਕਰਨ ਦੀ ਥਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਤਾਂ ਜੋ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਜਾਵੇ ਅਤੇ ਬੰਦ ਫ਼ੈਕਟਰੀਆਂ ਮੁੜ ਚਾਲੂ ਹੋ ਜਾਣ। ਉਨ੍ਹਾਂ ਆਖਿਆ ਕਿ ਜਿਸ ਤਰਾਂ ਤਬਦੀਲੀ ਕੁਦਰਤ ਦਾ ਨਿਯਮ ਹੈ ਉਸ ਤਰਾਂ ਰਾਜਨੀਤੀ ਦਾ ਚੱਕਾ ਸਹੀ ਦਿਸ਼ਾ ’ਚ ਘੁਮਾਉਣ ਲਈ ਬਦਲਾਅ ਲਿਆਉਣਾ ਲਾਜਮੀ ਹੈ।
ਇਹ ਲੀਡਰ ਵੀ ਸਨ ਹਾਜਰ
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਸਮੇਤ ਵਿਧਾਇਕਾਂ ਮੀਤ ਹੇਅਰ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ , ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ,ਨੀਲ ਗਰਗ, ਰਾਕੇਸ਼ ਪੁਰੀ, ਐਡਵੋਕੇਟ ਨਵਦੀਪ ਜੀਂਦਾ, ਅਮਰਦੀਪ ਸਿੰਘ ਰਾਜਨ, ਅਮ੍ਰਿਤ ਲਾਲ ਅਗਰਵਾਲ, ਐਮ.ਐਲ ਜਿੰਦਲ, ਐਡਵੋਕੇਟ ਗੁਰਪ੍ਰੀਤ ਰਿੰਪਲ, ਬਲਜੀਤ ਸਿੰਘ ਬੱਲੀ, ਗੋਬਿੰਦਰ ਸਿੰਘ, ਸੰਦੀਪ ਗੁਪਤਾ, ਮਹਿੰਦਰ ਸਿੰਘ ਫੁੱਲੋਮਿਠੀ ਆਦਿ ਹਾਜ਼ਰ ਸਨ।