ਹਰੀਸ਼ ਕਾਲੜਾ
ਰੂਪਨਗਰ, 03 ਅਗਸਤ 2021: ਪੰਜਾਬ ਰਾਜ ਜਿਲ੍ਹਾ (ਡੀ.ਸੀ.) ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਬਾਡੀ ਵੱਲੋਂ ਡੀ.ਸੀ. ਦਫ਼ਤਰ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨਣ ਅਤੇ ਪੁਨਰਗਠਨ ਵਿਰੁੱਧ ਰੋਸ ਪ੍ਰਗਟ ਕਰਨ ਲਈ 02 ਅਤੇ 03 ਅਗਸਤ 2021 ਨੂੰ ਕਲਮਛੋੜ ਹੜਤਾਲ ਕਰਨ ਅਤੇ 04 ਅਗਸਤ 2021 ਨੂੰ ਸਮੂਹਿਕ ਤੌਰ ਤੇ ਛੁੱਟੀ ਲੈ ਕੇ ਕਾਂਗੜ (ਬਠਿੰਡਾ) ਵਿਖੇ ਸੂਬਾ ਪੱਧਰੀ ਰੋਸ ਰੈਲੀ, ਰੋਸ ਮਾਰਚ ਅਤੇ ਮਾਲ ਮੰਤਰੀ ਦੀ ਕੋਠੀ ਦਾ ਘੇਰਾਓ ਕਰਨ ਦਾ ਫੈਸਲਾ ਲਿਆ ਗਿਆ ਹੈ।
ਜਿਲ੍ਹਾ ਪ੍ਰਧਾਨ ਜਸਵੀਰ ਸਿੰਘ ਵੱਲੋਂ ਦੱਸਿਆ ਗਿਆ ਕਿ ਉਕਤ ਪ੍ਰੋਗਰਾਮ ਤਹਿਤ ਅੱਜ ਵੀ ਡੀ.ਸੀ. ਦਫ਼ਤਰ ਦੇ ਸਮੂਹ ਕਰਮਚਾਰੀਆਂ, ਉਪ ਮੰਡਲ ਮੈਜਿਸਟ੍ਰੇਟ ਦਫ਼ਤਰਾਂ ਅਤੇ ਤਹਿਸੀਲ ਦਫ਼ਤਰਾਂ ਦੇ ਕਰਮਚਾਰੀਆਂ ਵੱਲੋਂ ਕਲਮਛੋੜ ਹੜਤਾਲ ਕਰਦੇ ਹੋਏ ਹਰੇਕ ਪ੍ਰਕਾਰ ਦਾ ਕੰਮਕਾਜ ਠੱਪ ਰੱਖਿਆ ਗਿਆ। ਜਿਲ੍ਹਾ ਹੈੱਡ ਕੁਆਟਰ ਤੇ ਡੀ.ਸੀ. ਦਫ਼ਤਰ ਵਿਖੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ। ਡੀ.ਸੀ. ਦਫ਼ਤਰ ਅਤੇ ਤਹਿਸੀਲ ਦਫ਼ਤਰਾਂ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕੰਮ ਜਿਵੇਂ ਰਜਿਸਟ੍ਰੇਸ਼ਨ ਸਬੰਧੀ, ਸਰਟੀਫਿਕੇਟ ਬਣਾਉਣ ਸਬੰਧੀ, ਮੈਰਿਜ ਰਜਿਸਟ੍ਰੇਸ਼ਨ ਸਬੰਧੀ ਕੋਈ ਵੀ ਕੰਮ ਨਹੀਂ ਕੀਤਾ ਗਿਆ ਜਿਸ ਕਰਕੇ ਆਮ ਜਨਤਾ ਨੂੰ ਆਪਣਾ ਕੰਮ ਬਿਨ੍ਹਾਂ ਕਰਵਾਏ ਵਾਪਸ ਨਿਰਾਸ਼ ਮੁੜਨਾ ਪਿਆ। ਜਨਤਾ ਨੂੰ ਹੋ ਰਹੀ ਇਸ ਪ੍ਰੇਸ਼ਾਨੀ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੈ। ਜਿਲ੍ਹਾ ਪ੍ਰਧਾਨ ਵੱਲੋਂ ਦੱਸਿਆ ਗਿਆ ਕਿ ਇਸ ਹੜਤਾਲ ਨੂੰ ਅੱਗੇ ਵਧਾਉਂਦੇ ਹੋਏ ਕੱਲ੍ਹ 4 ਅਗਸਤ 21 ਨੂੰ ਸਮੂਹ ਡੀ.ਸੀ. ਦਫ਼ਤਰ, ਉਪ ਮੰਡਲ ਦਫ਼ਤਰ ਅਤੇ ਤਹਿਸੀਲ ਦਫ਼ਤਰਾਂ ਦੇ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਕਾਂਗੜ (ਬਠਿੰਡਾ) ਵਿਖੇ ਸੂਬਾ ਪੱਧਰੀ ਰੋਸ ਰੈਲੀ ਵਿੱਚ ਸ਼ਾਮਲ ਹੋਣਗੇ ਅਤੇ ਮਾਲ ਮੰਤਰੀ ਪੰਜਾਬ ਦੀ ਕੋਠੀ ਦਾ ਘੇਰਾਅ ਕਰਨਗੇ।
ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਬਨਣ ਲਈ ਕੋਟਾ 50% ਕੀਤਾ ਜਾਣਾ, ਪੁਨਰਗਠਨ ਸਬੰਧੀ ਪੱਤਰ ਵਾਪਸ ਲੈ ਕੇ ਡੀ.ਸੀ. ਦਫ਼ਤਰਾਂ ਵਿੱਚ ਸਟਾਫ਼ ਪੂਰਾ ਕਰਨਾ, ਅਸਾਮੀਆਂ ਦੇ ਨਾਮ ਬਦਲਣ ਸਬੰਧੀ ਮੰਨੀਆਂ ਗੈਰ ਵਿੱਤੀ ਮੰਗਾਂ ਤੁਰੰਤ ਲਾਗੂ ਕਰਨਾ, ਸਟੈਨੋ ਕਾਡਰ ਦੀ ਪਦਉੱਨਤੀ ਦੀਆਂ ਮੰਨੀਆਂ ਮੰਗਾਂ ਲਾਗੂ ਕਰਨਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਰਲੀਜ਼ ਕਰਨਾ, ਬਣਦੀਆਂ ਪਦਉਨਤੀਆਂ ਤੁਰੰਤ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ ਆਦਿ ਮੁੱਖ ਤੌਰ ਤੇ ਸ਼ਾਮਲ ਹਨ।
ਇਸ ਮੌਕੇ ਵਿਨੈ ਧਵਨ, ਬੁੱਧ ਸਿੰਘ, ਬਲਜੀਤ ਕੌਰ, ਅੰਜੂ ਬਾਲਾ, ਦਿਨੇਸ਼ ਜੈਨ, ਕੰਵਲਜੀਤ ਸਿੰਘ, ਰੁਪਿੰਦਰ ਕੌਰ, ਮਨੋਜ ਕੁਮਾਰ, ਕਾਕਾ ਸਿੰਘ, ਹਰਦੀਪ ਕੁਮਾਰ, ਮਹੇਸ਼ ਜੋਸ਼ੀ, ਕਰਮਵੀਰ ਸਿੰਘ, ਭੁਪਿੰਦਰ ਕੁਮਾਰ, ਰਣਧੀਰ ਸਿੰਘ, ਦੀਪਕ ਰਾਵਤ, ਨਿਤਿਨ ਸ਼ਰਮਾ, ਜਤਿੰਦਰ ਸਿੰਘ, ਹਰਪ੍ਰੀਤ ਕੌਰ, ਹਰਮਨਜੀਤ ਕੌਰ, ਜਸਪਾਲ ਸਿੰਘ, ਪੂਰਨ, ਪ੍ਰਭਜੋਤ ਸਿੰਘ, ਮਨਮੀਤ ਸਿੰਘ, ਅਜੈ ਕੁਮਾਰ, ਰਣਦੀਪ ਸਿੰਘ, ਸੁਰਿੰਦਰਪਾਲ ਜੰਡੀ, ਹਰਮੀਤ ਸਿੰਘ, ਬੇਅੰਤ ਸਿੰਘ, ਗੁਰਿੰਦਰ ਸਿੰਘ, ਰਾਜੀ ਰਾਣੀ, ਰਾਜਵਿੰਦਰ ਕੌਰ, ਰੋਹਿਤ ਸ਼ਰਮਾ, ਭੁਪਿੰਦਰ ਸਿੰਘ (ਰਿੰਕੂ) ਆਦਿ ਹਾਜ਼ਰ ਰਹੇ।