ਅਸ਼ੋਕ ਵਰਮਾ
ਬਠਿੰਡਾ, 03 ਅਗਸਤ 2021: ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵੱਲੋਂ ਸ਼ਹੀਦ ਸਰਦਾਰ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਆਨਲਾਈਨ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ਵਿੱਚ 10+1 ਅਤੇ 10+2 ਦੀਆਂ ਸਾਰੀਆਂ ਸਟਰੀਮਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਆਪਣੀ ਦੇਸ਼ ਭਗਤੀ ਦੀ ਭਾਵਨਾ ਨੂੰ ਦਰਸਾਇਆ। ਵਿਦਿਆਰਥੀਆਂ ਨੇ ਭਾਸ਼ਣ ਦੀ ਭਾਸ਼ਾ ਨੂੰ ਆਪਣੀ ਸੁਵਿਧਾ ਅਨੁਸਾਰ ਚੁਣਿਆ ਅਤੇ ਭਾਸ਼ਣ ਮੁਕਾਬਲੇ ਲਈ ਵਿਭਿੰਨ ਵਿਸ਼ਿਆਂ ਜਿਵੇਂ ਸ਼ਹੀਦ ਊਧਮ ਸਿੰਘ ਦੇ ਜੀਵਨ ਦੀ ਕਹਾਣੀ, ਸ਼ਹੀਦ ਊਧਮ ਸਿੰਘ ਨੂੰ ਯਾਦ ਕਰਦਿਆਂ, ਕ੍ਰਾਂਤੀਕਾਰੀ ਸਪੂਤ ਸ਼ਹੀਦ ਊਧਮ ਸਿੰਘ, ਦੇਸ਼ ਭਗਤੀ ਦਾ ਜਜ਼ਬਾ, ਵਿਦਿਆਰਥੀ ਜੀਵਨ ਦੌਰਾਨ ਦੇਸ਼ ਭਗਤੀ ਦੀ ਭਾਵਨਾ ਆਦਿ ’ਤੇ ਆਨਲਾਈਨ ਭਾਸ਼ਣ ਦਿੱਤੇ।
ਇਸ ਭਾਸ਼ਣ ਮੁਕਾਬਲੇ ਵਿੱਚ 10+2 (ਮੈਡੀਕਲ) ਦੀ ਵਿਦਿਆਰਥਣ ਗਗਨਦੀਪ ਕੌਰ ਨੇ ਪਹਿਲਾ ਸਥਾਨ ਅਤੇ 10+2 (ਆਰਟਸ-ਬੀ) ਦੀ ਵਿਦਿਆਰਥਣ ਰੇਸ਼ਮ ਕੁਮਾਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ 10+2 (ਨਾਨ-ਮੈਡੀਕਲ) ਦੀ ਵਿਦਿਆਰਥਣ ਅਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਬਾਬਾ ਫ਼ਰੀਦ ਸੀਨੀਅਰ ਸੈਕੰੰਡਰੀ ਸਕੂਲ ਬਠਿੰਡਾ ਦੇ ਪਿ੍ਰੰਸੀਪਲ ਬਲਜਿੰਦਰ ਸਿੰਘ ਸਿੱਧੂ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ ਅਤੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸਾਨੂੰ ਦੇਸ਼ ਲਈ ਕੁਰਬਾਨੀ ਕਰਨ ਵਾਲੇ ਨਾਇਕਾਂ ਨੂੰ ਹਮੇਸ਼ ਯਾਦ ਰੱਖਣਾ ਚਾਹੀਦਾ ਹੈ।