ਸੁਖਬੀਰ ਬਾਦਲ ਵੱਲੋਂ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਤਿਲਾਂਜਲੀ: ਹਰਪਾਲ ਚੀਮਾ
ਅਸ਼ੋਕ ਵਰਮਾ
ਬਠਿੰਡਾ, 4 ਅਗਸਤ 2021 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੁਖਬੀਰ ਸਿੰਘ ਬਾਦਲ ਦੇ ਐਲਾਨੇ 13 ਨੁਕਾਤੀ ਪ੍ਰੋਗਰਾਮ ਸ੍ਰੀ ਗੁਰੂ ਗਰੰਥ ਸਾਹਿਬ, ਪੰਜਾਬ ਅਤੇ ਕਿਸਾਨੀ ਨੂੰ ਅਕਾਲੀ ਦਲ ਬਾਦਲ ਦੀ ਤਿਲਾਂਜਲੀ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਸ ਐਲਾਨਨਾਮੇ ’ਚ ਪੰਜਾਬ ਦੇ ਭਖਦੇ ਮੁੱਦਿਆਂ ਦਾ ਕੋਈ ਜਿਕਰ ਤੱਕ ਨਹੀਂ ਹੈ। ਹਰਪਾਲ ਸਿੰਘ ਚੀਮਾ ਅਤੇ ਬਰਨਾਲਾ ਹਲਕੇ ਦੇ ਵਿਧਾਇਕ ਮੀਤ ਹੇਅਰ ਨੇ ਅੱਜ ਬਠਿੰਡਾ ’ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਨੂੰ ਆਪਣੇ ਸਿਆਸੀ ਤੀਰਾਂ ਨਾਲ ਨਿਸ਼ਾਨਾ ਬਣਾਇਆ। ਆਗੂਆਂ ਨੇ ਅਕਾਲੀ ਲਿ ਬਾਦਲ ਨੂੰ ਸੱਤਾ ਦਾ ਲੋਭੀ ਦੱਸਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਵੱਲੋਂ ਰਾਜਸੱਤਾ ’ਤੇ ਕਾਬਜ ਹੋਣ ਲਈ ਪੰਜਾਬ ਦੇ ਲੋਕਾਂ ਨੂੰ ਝੂਠੇ ਸੁਪਨੇ ਦਿਖਾਏ ਜਾ ਰਹੇ ਹਨ, ਜਦੋਂ ਕਿ ਅਸਲੀਅਤ ਇਹ ਹੈ ਕਿ ਬਾਦਲ ਪਰਿਵਾਰ ਪੰਜਾਬ ਦੇ ਕੁਦਰਤੀ ਸਾਧਨਾਂ ਅਤੇ ਆਮਦਨ ਦੇ ਸਰੋਤਾਂ ਨੂੰ ਲੁੱਟਣ ਲਈ ਤਰਲੋ ਮੱਛੀ ਹੋ ਰਿਹਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ 13 ਨੁਕਾਤੀ ਪ੍ਰੋਗਰਾਮ ’ਚ ਸੂਬੇ ’ਚੋਂ ਮਾਫੀਆ ਰਾਜ ਖਤਮ ਕਰਨ, ਬੇਅਦਬੀ ਮਾਮਲੇ ’ਚ ਇਨਸਾਫ ਦੇਣ, ਬਿਜਲੀ ਸਮਝੌਤੇ ਰੱਦ ਕਰਨ ਅਤੇ ਕਿਸਾਨਾਂ ਮਜਦੂਰਾਂ ਦੇ ਕਰਜੇ ਮੁਆਫ ਕਰਨ ਦਾ ਜਿਕਰ ਤੱਕ ਨਹੀਂ ਕੀਤਾ। ਚੀਮਾ ਨੇ ਕਿਹਾ ਪੰਜਾਬ ਵਿੱਚ ਨਸ਼ਾ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਰੇਤ ਮਾਫੀਆ, ਅਤੇ ਸਰਾਬ ਮਾਫੀਆ ਆਦਿ ਸਭ ਅਕਾਲੀ ਦਲ ਦੀ ਹੀ ਦੇਣ ਹਨ, ਜਿਸ ਕਰਕੇ ਪੰਜਾਬ ਦੇ ਸਿਰ ’ਤੇ 3 ਲੱਖ ਕਰੋੜ ਦਾ ਕਰਜਾ ਚੜਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਪੈਦਾ ਕੀਤੇ ਮਾਫੀਆ ਰਾਜ ਦੀ ਅਗਵਾਈ ਅੱਜ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਕਰ ਰਹੇ ਹਨ।ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਰਾਜ ਵਿੱਚ ਹੀ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਅਤੇ ਇਨਸਾਫ ਮੰਗ ਰਹੇ ਸਿੱਖਾਂ ਨੂੰ ਅਣਪਛਾਤੀ ਪੁਲਸ ਵੱਲੋਂ ਗੋਲੀਆਂ ਮਾਰ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਪਰ ਇੰਨ੍ਹਾਂ ਮਾਮਲਿਆਂ ਸਬੰਧੀ ਅੱਜ ਤੱਕ ਪੰਜਾਬ ਦੇ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਬਾਦਲਾਂ ਦੇ ਰਾਜ ’ਚ ਕਰਜੇ ਕਾਰਨ ਹਜਾਰਾਂ ਕਿਸਾਨ ਮਜਦੂਰ ਖੁਦਕੁਸ਼ੀਆਂ ਕਰ ਗਏ ਅਤੇ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ। ਇਸੇ ਲਈ ਅਕਾਲੀ ਦਲ ਬਾਦਲ ਅਤੇ ਸੁਖਬੀਰ ਬਾਦਲ ਪੰਜਾਬੀਆਂ ਦਾ ਵਿਸ਼ਵਾਸ਼ ਚੁੱਕੇ ਹਨ ਜਿਸ ਕਰਕੇ ਬਾਦਲ ਦਲ ਦੇ ਆਗੂਆਂ ਨੂੰ ਪੰਜਾਬ ਦੇ ਪਿੰਡਾਂ ਵਿੱਚ ਜਾਣ ਮੌਕੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ‘ਆਪ’ ਦੇ ਵਿਧਾਇਕ ਅਤੇ ਨੌਜਵਾਨ ਵਿੰਗ ਦੇ ਸੂਬਾ ਪ੍ਰਧਾਨ ਮੀਤ ਹੇਅਰ ਨੇ ਕਿਹਾ ਕਿ ਦਸ ਸਾਲਾਂ ਤੱਕ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਵਾਲੇ ਹੀ ਅੱਜ ਪੰਜਾਬ ਨੂੰ ਬਚਾਉਣ ਦੀਆਂ ਟਾਹਰਾਂ ਮਾਰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ ਬਾਦਲ ਪਰਿਵਾਰ ਇਸ ਦੇ ਮੈਡੀਕਲ ਕਾਲਜਾਂ ਵਿੱਚ ਵਿਦਿਆਰਥੀਆਂ ਤੋਂ 15-15 ਲੱਖ ਰੁਪਏ ਦੀ ਫੀਸ ਲੈ ਰਿਹਾ ਹੈ, ਜਦੋਂ ਕਿ ਸੁਖਬੀਰ ਬਾਦਲ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦੇਣ ਦੀਆਂ ਗੱਲਾਂ ਕਰਦੇ ਹਨ। ਮੀਤ ਹੇਅਰ ਨੇ ਮੰਗ ਕੀਤੀ ਕਿ ਸੁਖਬੀਰ ਬਾਦਲ ਆਪਣੀਆਂ ਬੱਸਾਂ ਦੇ ਪਰਮਿੱਟ ਆਮ ਲੋਕਾਂ ਨੂੰ ਦੇਣ ਦਾ ਐਲਾਨ ਵੀ ਕਰਨ।
ਜਗਰੂਪ ਸਿੰਘ ਗਿੱਲ ਨੇ ਵੀ ਹਾਜਰੀ ਭਰੀ
ਦੋ ਦਿਨ ਪਹਿਲਾਂ ਕਾਂਗਰਸ ਨੂੰ ਅਲਵਿਦਾ ਆਖਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕੌਂਸਲਰ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਨੇ ਅੱਜ ਆਪਣੇ ਪਹਿਲੇ ਪਾਰਟੀ ਪ੍ਰੋਗਰਾਮ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਮੀਤ ਹੇਅਰ ਨੇ ਸ੍ਰੀ ਗਿੱਲ ਨੂੰ ਪਾਰਟੀ ਦੀ ਮਜਬੂਤੀ ਲਈ ਡਟਣ ਵਾਸਤੇ ਕਿਹਾ। ਇਸ ਮੌਕੇ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ, ਸ਼ਹਿਰਰੀ ਜਿਲ੍ਹਾ ਪ੍ਰਧਾਨ (ਸਹਿਰੀ ਬਠਿੰਡਾ) ਨੀਲ ਗਰਗ, ਜਿਲ੍ਹਾ ਪ੍ਰਧਾਨ (ਦਿਹਾਤੀ ਬਠਿੰਡਾ) ਗੁਰਜੰਟ ਸਿੰਘ ਸਿਵੀਆ, ਸੂਬਾ ਮੀਤ ਪ੍ਰਧਾਨ ਲੀਗਲ ਸੈਲ ਨਵਦੀਪ ਜੀਦਾ, ਰਕੇਸ਼ ਪੁਰੀ, ਜਿਲ੍ਹਾ ਯੂਥ ਪ੍ਰਧਾਨ ਅਮਰਦੀਪ ਸਿੰਘ ਰਾਜਨ, ਹਰਜਿੰਦਰ ਕੌਰ, ਅੰਮਿ੍ਰਤ ਅਗਰਵਾਲ, ਮਹਿੰਦਰ ਸਿੰਘ ਫੁੱਲੋਮਿੱਠੀ, ਅਤੇ ਭੂਪਿੰਦਰ ਬਾਂਸਲ ਆਦਿ ਵੀ ਹਾਜਰ ਸਨ।