ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਰਾਣਾ ਕੰਦੋਵਾਲੀਆ ਦੇ ਕਤਲ ਦੀ ਲਈ ਜ਼ਿੰਮੇਵਾਰੀ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 4 ਅਗਸਤ 2021 - ਬੀਤੀ ਰਾਤ ਰਣਦੀਪ ਸਿੰਘ ਰਾਣਾ ਕੰਦੋਵਾਲੀਆ ਦੇ ਉੱਤੇ ਕੀਤੇ ਗਏ ਹਮਲੇ ਦੇ ਬਾਰੇ ਜ਼ਿੰਮੇਵਾਰੀ ਲੈਂਦੇ ਹੋਏ ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਜੋ ਕਿ ਜੱਗੂ ਭਗਵਾਨਪੁਰੀਆ ਦਾ ਹੀ ਸਾਥੀ ਹੈ ਵੱਲੋਂ ਆਪਣੇ ਫੇਸਬੁੱਕ ਅਕਾਉਂਟ ਤੇ ਰਾਣਾ ਕੰਦੋਵਾਲੀਆ ਨੂੰ ਮਾਰਨ ਦਾ ਜ਼ਿੰਮਾ ਲਿਆ ਹੈl ਇਸ ਵਿਚ ਦੋਹਾਂ ਨੇ ਲਿਖਿਆ ਹੈ ਕਿ ਰਾਣਾ ਕੰਦੋਵਾਲੀਆ ਨੇ ਉਨ੍ਹਾਂ ਦੇ ਸਾਥੀ ਪੱਟੀ ਲੰਮਾ ਨੂੰ ਅਗਵਾਹ ਕਰਨ ਅਤੇ ਉਨ੍ਹਾਂ ਦੇ ਇਕ ਸਾਥੀ ਨੂੰ ਮਾਰਨ ਦਾ ਬਦਲਾ ਉਨ੍ਹਾਂ ਨੇ ਲਿਆ ਹੈ।
ਇਸ ਪੋਸਟ ਵਿਚ ਸਾਫ ਤੌਰ ਤੇ ਲਿਖਿਆ ਗਿਆ ਹੈ ਕਿ ਜਿਹੜਾ ਵੀ ਵਿਅਕਤੀ ਜੱਗੂ ਭਗਵਾਨਪੁਰੀਆ ਅਤੇ ਉਨ੍ਹਾਂ ਦੇ ਸਾਥੀ ਦੇ ਅੱਗੇ ਆਏਗਾ ਉਹ ਬਖਸ਼ਿਆ ਨਹੀਂ ਜਾਏਗਾl
ਹਾਲਾਂਕਿ ਇਨ੍ਹਾਂ ਪੋਸਟਾਂ ਨੂੰ ਬਾਅਦ ਵਿਚ ਡਿਲੀਟ ਕਰ ਦਿੱਤਾ ਗਿਆl ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਮਜੀਠਾ ਰੋਡ ਵਿਖੇ ਰਾਣਾ ਕੰਦੋਵਾਲੀਆ ਦੇ ਪਿਤਾ ਸਤਿਆਵਰਣਜੀਤ ਸਿੰਘ ਵੱਲੋਂ ਜੱਗੂ ਭਗਵਾਨਪੁਰੀਆ ਦਾ ਨਾਮ ਲਿਖਵਾਇਆ ਗਿਆ ਹੈ। ਜਿਸ ਵਿਚ ਇਹ ਕਿਹਾ ਗਿਆ ਹੈ ਕਿ ਜੱਗੂ ਭਗਵਾਨਪੁਰੀਆ ਨੇ ਹੀ ਉਨ੍ਹਾਂ ਦੇ ਪੁੱਤਰ ਰਾਣਾ ਨੂੰ ਮਰਵਾਇਆ ਹੈ। ਕਮਿਸ਼ਨਰ ਪੁਲੀਸ ਨੇ ਦੱਸਿਆ ਕਿ ਰਾਣਾ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇਹ ਉਸ ਦੇ ਪਰਿਵਾਰ ਨੂੰ ਦੇ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਵਿੱਚ ਹਮਲਾਵਰਾਂ ਨੇ ਮੂੰਹ ਤੇ ਮਾਸਕ ਪਾਏ ਹੋਏ ਹਨ ਜਿਨ੍ਹਾਂ ਕਰਕੇ ਉਨ੍ਹਾਂ ਦੀ ਪਹਿਚਾਣ ਨਹੀਂ ਹੋ ਪਾ ਰਹੀ ਹੈ। ਪਰ ਪੁਲੀਸ ਵੱਲੋਂ ਇਸ ਬਾਬਤ ਕਾਰਵਾਈ ਚੱਲ ਰਹੀ ਹੈ।