ਗਰਭਵਤੀ ਨਵ ਵਿਆਹੁਤਾ ਲੜਕੀ ਦੀ ਸ਼ੱਕੀ ਹਾਲਾਤ ਵਿੱਚ ਮੌਤ
ਬਲਵਿੰਦਰ ਸਿੰਘ ਧਾਲੀਵਾਲ
- ਪਰਿਵਾਰਕ ਮੈਂਬਰਾਂ ਨੇ ਸਹੁਰਿਆਂ 'ਤੇ ਕਤਲ ਦਾ ਦੋਸ਼ ਲਗਾਇਆ
ਸੁਲਤਾਨਪੁਰ ਲੋਧੀ 9 ਸਤੰਬਰ 2021 - ਸੁਲਤਾਨਪੁਰ ਲੋਧੀ ਵਿੱਚ ਅੱਜ ਸ਼ਾਮ ਇੱਕ ਨਵ ਵਿਆਹੀ ਲੜਕੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵ ਵਿਆਹੁਤਾ ਲੜਕੀ ਮੁਸਕਾਨ, ਉਮਰ 19 ਸਾਲ, ਦਾ ਵਿਆਹ ਦਸ ਮਹੀਨੇ ਪਹਿਲਾਂ ਸਨੀ ਨਿਵਾਸੀ ਚੰਡੀਗੜ੍ਹ ਬਸਤੀ (ਸੁਲਤਾਨਪੁਰ ਰੂਰਲ) ਦੇ ਨਾਲ ਹੋਇਆ ਸੀ ਅਤੇ ਹੁਣ ਮੁਸਕਾਨ ਗਰਭਵਤੀ ਵੀ ਸੀ।
ਮ੍ਰਿਤਕ ਮੁਸਕਾਨ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ਤੇ ਹੱਤਿਆ ਦੇ ਕਥਿਤ ਤੌਰ ਤੇ ਦੋਸ਼ ਲਗਾਏ ਹਨ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਕੁਲਵਿੰਦਰ ਸਿੰਘ, ਮਾਂ ਸੀਮਾ, ਭਰਾ ਮੰਗਾ, ਗਗਨ ਨੇ ਦੱਸਿਆ ਕਿ ਅਸੀਂ ਜੱਗੂ ਸ਼ਾਹ ਡੇਰਾ ਕਪੂਰਥਲਾ ਦੇ ਵਸਨੀਕ ਹਾਂ। ਸਾਡੀ ਲੜਕੀ ਦਾ ਵਿਆਹ 10 ਮਹੀਨੇ ਪਹਿਲਾਂ ਸੰਨੀ ਵਾਸੀ ਸੁਲਤਾਨਪੁਰ ਰੂਲਰ ਬਸਤੀ ਚੰਡੀਗੜ੍ਹ ਨਾਲ ਹੋਇਆ ਸੀ ਅਤੇ ਉਸ ਸਮੇਂ ਵੀ ਅਸੀਂ ਆਪਣੀ ਲੜਕੀ ਦੇ ਸਹੁਰੇ ਪਰਿਵਾਰ ਨੂੰ ਆਪਣੀ ਹੈਸੀਅਤ ਨਾਲੋਂ ਜ਼ਿਆਦਾ ਦਾਜ ਦਿੱਤਾ ਸੀ।
ਪਰੰਤੂ ਫਿਰ ਵੀ ਸੁਹਰੇ ਪਰਿਵਾਰ ਵੱਲੋਂ ਹਮੇਸ਼ਾ ਸਾਡੀ ਕੁੜੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ। ਪੇਕੇ ਪਰਿਵਾਰ ਨੇ ਕਥਿਤ ਤੌਰ 'ਤੇ ਦੋਸ਼ ਲਾਇਆ ਹੈ ਸੋਹਰੇ ਪਰਿਵਾਰ ਵੱਲੋਂ ਸਾਡੀ ਲੜਕੀ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਲੜਕੀ ਦੇ ਗਲੇ 'ਤੇ ਸੱਟ ਦੇ ਨਿਸ਼ਾਨ ਵੀ ਹਨ। ਉਨ੍ਹਾਂ ਕਿਹਾ ਕਿ ਸਾਡੀ ਲੜਕੀ ਦੀ ਮੌਤ ਨਹੀਂ ਹੋਈ ਹੈ ਬਲਕਿ ਸਾਡੀ ਲੜਕੀ ਦੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੱਤਿਆ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਮੁਸਕਾਨ ਦੀ ਸੱਸ ਹਮੇਸ਼ਾ ਘਰ ਵਿੱਚ ਲੜਾਈ ਝਗੜਾ ਕਰਦੀ ਰਹਿੰਦੀ ਸੀ ਅਤੇ ਸੰਨੀ ਦਾ ਦੂਜਾ ਵਿਆਹ ਕਰਨ ਦੀ ਧਮਕੀ ਵੀ ਦਿੰਦੀ ਰਹਿੰਦੀ ਸੀ। ਉਸਦੇ ਸਹੁਰੇ ਹਮੇਸ਼ਾ ਉਸਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਸਾਡੀ ਲੜਕੀ ਗਰਭਵਤੀ ਸੀ। ਪਰ ਫਿਰ ਵੀ ਉਹ ਉਸ ਨਾਲ ਮਾਰ ਕੁਟਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਪੰਚਾਇਤ ਰਾਹੀਂ ਸੰਨੀ ਨੇ ਮੁਆਫੀ ਮੰਗਣ ਤੋਂ ਬਾਅਦ ਫੈਸਲਾ ਕੀਤਾ ਸੀ ਅਤੇ ਮ੍ਰਿਤਕ ਮੁਸਕਾਨ ਨੂੰ ਦੁਬਾਰਾ ਘਰ ਲੈ ਕੇ ਗਿਆ ਸੀ।
ਇਸ ਤੋਂ ਇਲਾਵਾ ਪਰਿਵਾਰ ਵੱਲੋਂ ਇਨਸਾਫ਼ ਲਈ ਲਾਰਡ ਕ੍ਰਿਸ਼ਨਾ ਰੋਡ 'ਤੇ ਧਰਨਾ ਵੀ ਲਾਇਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਤੋਂ ਲੜਕੀ ਦੇ ਸਹੁਰੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਮੌਕੇ 'ਤੇ ਪਹੁੰਚੇ ਐਸਐਚਓ ਹਰਜੀਤ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਸ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਧਰਨਾ ਚੁੱਕ ਲਿਆ ਗਿਆ। ਥਾਣਾ ਸਦਰ ਦੇ ਇੰਚਾਰਜ ਹਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਪੋਸਟਮਾਰਟਮ ਕਰਨ ਤੇ ਜੋ ਵੀ ਰਿਪੋਰਟ ਆਵੇਗੀ ਉਸਦੇ ਆਧਾਰ 'ਤੇ ਹੀ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਜਾਵੇਗੀ।