← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 13 ਸਤੰਬਰ 2021: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਦਾ ਰਸਮੀ ਐਲਾਨ ਕਰਨ ਤੋਂ ਬਾਅਦ ਸਿੰਗਲਾ ਦੇ ਚਿਹਰੇ ਤੇ ਖੁਸ਼ੀਆਂ ਝਲਕਾ ਦਿੱਤੀਆਂ ਹਨ। ਹਾਲਾਂਕਿ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਸੀਟ ਤੋਂ ਸਿੰਗਲਾ ਦੇ ਨਾਮ ਦਾ ਐਲਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੱੁਝ ਮਹੀਨੇ ਪਹਿਲਾਂ ਕਰ ਦਿੱਤਾ ਸੀ ਪ੍ਰੰਤੂ ਵਿਰੋਧੀ ਸਾਜ਼ਿਸ਼ ਤਹਿਤ ਉਨ੍ਹਾਂ ਦੀ ਉਮੀਦਵਾਰੀ ਬਦਲਣ ਸਬੰਧੀ ਸਰਵੇ ਕਰਵਾਉਣ ਬਾਰੇ ਕੂੜ ਪ੍ਰਚਾਰ ਕਰ ਰਹੇ ਸਨ। ਕੁੱਝ ਦਿਨ ਪਹਿਲਾਂ ਵੀ ਬੀਬੀ ਬਾਦਲ ਨੇ ਆਪਣੇ ਐਲਾਨ ਦੀ ਪ੍ਰੋੜਤਾ ਕੀਤੀ ਸੀ ਫਿਰ ਵੀ ਅੱਜ ਅਫਵਾਹਾਂ ਤੇ ਪੂਰੀ ਤਰ੍ਹਾਂ ਰੋਕ ਲੱਗ ਗਈ ਹੈ। । ਗੌਰਤਲਬ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 64 ਉਮੀਦਵਾਰਾਂ ਦੇ ਕੀਤੇ ਗਏ ਐਲਾਨ ਵਿੱਚ ਜ਼ਿਲ੍ਹਾ ਬਠਿੰਡਾ ਦੀ ਬਾਕੀ ਰਹਿੰਦੀ ਛੇਵੀਂ ਸੀਟ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਸਰੂਪ ਚੰਦ ਸਿੰਗਲਾ ਦੇ ਨਾਮ ਤੇ ਮੋਹਰ ਲਾਈ ਹੈ। ਇਸ ਮੌਕੇ ਅਕਾਲੀ ਦਲ ਬਸਪਾ ਗੱਠਜੋੜ ਦੇ ਵਰਕਰਾਂ ਨੇ ਸਿੰਗਲਾ ਨੂੰ ਵਧਾਈ ਦਿੱਤੀ ਗਈ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਪਾਰਟੀ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਸੀਟ ਤੋਂ ਲਗਾਤਾਰ ਵਿਸ਼ਵਾਸ ਜਿਤਾਉਣ ਲਈ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਇਹ ਸੀਟ ਵੱਡੇ ਮਾਰਜਨ ਨਾਲ ਜਿੱਤ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ’ਚ ਪਾਉਣਗੇ । ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਅਤੇ ਵਿਰੋਧੀਆਂ ਨੇ ਸਾਜ਼ਿਸ਼ ਤਹਿਤ ਉਨ੍ਹਾਂ ਦੇ ਅਕਸ ਨੂੰ ਢਾਹ ਲਾਉਣ ਅਈ ਅਫਵਾਹਾਂ ਫੈਲਾਈਆਂ ਜਦੋਂ ਕਿ ਬਾਦਲ ਪਰਿਵਾਰ ਨੇ ਪਹਿਲਾਂ ਹੀ ਬਠਿੰਡਾ ਸੀਟ ਤੋਂ ਆਸ਼ੀਰਵਾਦ ਦੇ ਦਿੱਤਾ ਸੀ । ਉਨ੍ਹਾਂ ਕਿਹਾ ਕਿ ਉਹ ਬਾਦਲ ਪਰਿਵਾਰ ਦੇ ਵਫਾਦਾਰ ਸਿਪਾਹੀ ਹਨ ਤੇ ਹਮੇਸ਼ਾ ਹੀ ਪਾਰਟੀ ਦੇ ਸਿਆਸਤ ਵਿੱਚ ਅੱਗੇ ਹੋ ਕੇ ਲੜਾਈ ਲੜਦੇ ਰਹਿਣਗੇ ਅਤੇ ਪਾਰਟੀ ਦੇ ਮਾਣ ਸਨਮਾਨ ਨੂੰ ਕਦੇ ਵੀ ਠੇਸ ਨਹੀਂ ਪਹੁੰਚਣ ਦਿੱਤੀ ਜਾਵੇਗੀ।
Total Responses : 942