ਕਿੱਕ ਬਾਕਸਿੰਗ ਚ ਸਟੇਟ ਗੋਲਡ ਅਤੇ ਨੈਸ਼ਨਲ ਬ੍ਰਾਂਜ ਮੈਡਲ ਜੇਤੂ ਨੌਜਵਾਨ ਦਾ ਵਿਸ਼ੇਸ਼ ਸਨਮਾਨ
ਕਾਂਗਰਸ ਸਰਕਾਰ ਦਾ ਮੰਤਵ ਨੌਜਵਾਨਾਂ ਨੂੰ ਨਸ਼ਾ ਤੋਂ ਬਚਾ ਕੇ ਖੇਡਾਂ ਲਈ ਪ੍ਰੇਰਿਤ ਕਰਨਾ - ਕੇਵਲ ਸਿੰਘ ਢਿੱਲੋਂ
ਕਮਲਜੀਤ ਸਿੰਘ ਸੰਧੂ
ਬਰਨਾਲਾ, 14 ਸਤੰਬਰ 2021-ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦੇ ਨੌਜਵਾਨ ਆਕਾਸ਼ਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਲੋਂ ਕਿੱਕ ਬਾਕਸਿੰਗ ਵਿੱਚ ਸਟੇਟ ਪੱਧਰ ਤੇ ਗੋਲਡ ਅਤੇ ਨੈਸ਼ਨਲ ਪੱਧਰ ਤੇ ਬ੍ਰਾਂਜ ਮੈਡਲ ਜਿੱਤ ਦੇ ਵੱਡੀ ਪ੍ਰਾਪਤੀ ਹਾਸਲ ਕੀਤੀ ਗਈ ਹੈ। ਨੈਸ਼ਨਲ ਮੈਡਲ ਜੇਤੂ ਨੌਜਵਾਨ ਆਕਾਸ਼ਦੀਪ ਸਿੰਘ ਦੀ ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਪ੍ਰਸੰਸ਼ਾ ਕੀਤੀ ਗਈ, ਉਥੇ ਅੱਜ ਨੌਜਵਾਨ ਆਕਾਸ਼ਦੀਪ ਦਾ ਆਪਣੀ ਬਰਨਾਲਾ ਸਥਿਤ ਰਿਹਾਇਸ਼ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨੌਜਵਾਨ ਆਕਾਸ਼ਦੀਪ ਨੇ ਸੂਬੇ ਅਤੇ ਨੈਸ਼ਨਲ ਪੱਧਰ ਤੇ ਮੈਡਲ ਜਿੱਤ ਕੇ ਆਪਣੇ ਮਾਪਿਆਂ, ਆਪਣੇ ਪਿੰਡ ਬਡਬੁਰ ਅਤੇ ਜ਼ਿਲ੍ਹਾ ਬਰਨਾਲਾ ਦਾ ਮਾਣ ਵਧਾਇਆ ਹੈ। ਇਸ ਨੌਜਵਾਨ ਨੂੰ ਅੱਗੇ ਵਧਣ ਲਈ ਹਰ ਤਰ੍ਹਾਂ ਦੀ ਮੱਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕੋ ਇੱਕ ਮੰਤਵ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਕਰਕੇ ਖੇਡਾਂ ਲਈ ਪ੍ਰੇਰਿਤ ਕੀਤ ਕੀਤਾ ਜਾਵੇ।
ਪੰਜਾਬ ਸਰਕਾਰ ਵਲੋਂ ਉਲੰਪਿਕ ਅਤੇ ਹੋਰ ਖੇਡਾਂ ਵਿੱਚ ਜੇਤੂ ਖਿਡਾਰੀਆਂ ਦੇ ਵੱਡੇ ਸਨਮਾਨ ਕਰਕੇ ਖਿਡਾਰੀਆਂ ਦਾ ਮਾਣ ਵੀ ਵਧਾਇਆ ਜਾਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂਂ ਵਿੱਚ ਬਰਨਾਲਾ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਕਿੱਟਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਨੌਜਵਾਨ ਆਕਾਸ਼ਦੀਪ ਸਿੰਘ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਬੀਪੀਈ ਪਹਿਲੇ ਸਮੈਸਟਰ ਦੀ ਪੜ੍ਹਾਈ ਕਰਦਿਆਂ ਇਹ ਪ੍ਰਾਪਤੀ ਹਾਸਲ ਕੀਤੀ ਗਈ ਹੈ। ਇਹ ਖੇਡਾਂ ਸਟੇਟ ਪੱਧਰ 'ਤੇ ਮਾਨਸਾ ਅਤੇ ਨੈਸ਼ਨਲ ਪੱਧਰ 'ਤੇ ਗੋਆ ਵਿਖੇ ਹੋਈਆਂ ਸਨ। ਇਸ ਮੌਕੇ ਚੇਅਰਮੈਨ ਮੱਖਣ ਸ਼ਰਮਾ, ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ, ਵਾਈਸ ਪ੍ਰਧਾਨ ਨਰਿੰਦਰ ਨੀਟਾ, ਪ੍ਰਦੀਪ ਸਿੰਘ ਬਡਬਰ ਬਲਾਕ ਸੰਮਤੀ ਮੈਂਬਰ, ਸਨੀ ਸਿੰਘ, ਪੀਏ ਦੀਪ ਸੰਘੇੜਾ, ਵਰੁੁਣ ਗੋਇਲ, ਸਰਪੰਚ ਚੰਦ ਸਿੰਘ,ਆਦਿ ਵੀ ਹਾਜ਼ਰ ਸਨ।