ਪੋਸ਼ਣ ਮਹੀਨੇ ਦੌਰਾਨ ਗਰਭਵਤੀ ਔਰਤਾਂ ਨੂੰ ਕੀ ਖਾਣਾ ਹੋਵੇ ਕੀ ਨਾ ਪੜ੍ਹੋ ?
ਜੀ ਐਸ ਪੰਨੂ
ਪਟਿਆਲਾ 17 ਸਤੰਬਰ,2021 - ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪੋਸ਼ਣ ਮਹੀਨੇ ਦੌਰਾਨ ਇੱਥੇ ਫੈਕਟਰੀ ਏਰੀਆ ਦੀ ਰਵਿਦਾਸ ਧਰਮਸ਼ਾਲਾ ਵਿਖੇ ਬਲਾਕ ਪੱਧਰੀ ਹੈਲਥੀ ਬੇਬੀ ਸ਼ੋਅ ਕਰਵਾਇਆ ਗਿਆ। ਬਾਲ ਵਿਕਾਸ ਪ੍ਰਾਜੈਕਟ ਅਫ਼ਸਰ (ਸ਼ਹਿਰੀ) ਰੇਖਾ ਰਾਣੀ ਦੀ ਅਗਵਾਈ ਹੇਠ ਕਰਵਾਏ ਇਸ ਸਮਾਰੋਹ ਮੌਕੇ ਗਰਭਵਤੀ ਔਰਤਾਂ ਅਤੇ ਛੋਟੇ-ਛੋਟੇ ਬੱਚਿਆਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਲਈ ਜਾਗਰੂਕ ਕੀਤਾ ਗਿਆ। ਇਸ ਪ੍ਰੋਗਰਾਮ 'ਚ ਜ਼ਿਲ੍ਹਾ ਵਿਕਾਸ ਫੈਲੋ ਅਰਸ਼ ਡਡਵਾਲ ਵੀ ਸ਼ਾਮਲ ਹੋਏ।
ਇਸ ਮੌਕੇ ਆਯੁਰਵੈਦਿਕ ਡਿਸਪੈਂਸ਼ਰੀ ਫੈਕਟਰੀ ਏਰੀਆ ਦੇ ਇੰਚਾਰਜ ਡਾ. ਜਸਪ੍ਰੀਤ ਕੌਰ ਨੇ ਜਿੱਥੇ ਗਰਭਵਤੀ ਔਰਤਾਂ ਨੂੰ ਬੇਮੌਸਮੀ ਫ਼ਲ ਤੇ ਸਬਜ਼ੀਆਂ ਖਾਣ ਤੋਂ ਵਰਜਿਆ ਉੱਥੇ ਹੀ ਤਾਜ਼ਾ ਦੁੱਧ, ਦਹੀਂ, ਪਨੀਰ, ਚਾਟੀ ਦੀ ਲੱਸੀ ਤੇ ਦੇਸੀ ਘੀ ਅਤੇ ਮੌਸਮੀ ਫ਼ਲ, ਹਰੀਆਂ ਸਬਜ਼ੀਆਂ, ਛੋਲੇ, ਮੁੰਗਫਲੀ, ਗੁੜ, ਸ਼ਹਿਦ ਆਦਿ ਦੀ ਵਧੇਰੇ ਵਰਤੋਂ ਕਰਨ ਲਈ ਪ੍ਰੇਰਤ ਕੀਤਾ। ਉਹਨਾਂ ਨੇ ਤੁਲਸੀ ਅਤੇ ਕੜ੍ਹੀ ਪੱਤੇ ਦੇ ਬੂਟਿਆਂ ਦੀ ਮਹੱਤਤਾ ਦੱਸਦੇ ਹੋਏ ਇਹ ਬੂਟੇ ਘਰ-ਘਰ ਲਗਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਉੱਘੇ ਸਮਾਜਸੇਵੀ, ਵਾਤਾਵਰਣ ਤੇ ਕਲਾ ਪ੍ਰੇਮੀ, ਪੈਟਰਨ ਰੈਡ ਕਰਾਸ ਸੁਸਾਇਟੀ ਭਗਵਾਨ ਦਾਸ ਗੁਪਤਾ ਨੇ ਮਹਾਂਵਾਰੀ ਸਾਫ਼-ਸਫ਼ਾਈ ਤੇ ਹੈਲਥੀ ਭੋਜ਼ਨ ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਆਂਗਣਵਾੜੀ ਕੇਂਦਰਾਂ ਦੀ ਚੰਗੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਤੇ ਹੈਲਥੀ ਬੇਬੀ ਸ਼ੋਅ ਤੇ ਪੋਸ਼ਣ ਮਹੀਨਾ ਮਨਾਉਣ ਲਈ ਅਫ਼ਸਰਾਂ, ਸਮੂਹ ਸਟਾਫ਼ ਤੇ ਸਹਿਯੋਗੀਆਂ ਨੂੰ ਵਧਾਈ ਦਿੱਤੀ। ਸੀ.ਡੀ.ਪੀ.ਓ. ਰੇਖਾ ਰਾਣੀ ਨੇ ਦੱਸਿਆ ਕਿ ਸਤੰਬਰ ਦੇ ਪੋਸ਼ਣ ਮਹੀਨੇ ਦੌਰਾਨ ਪੋਸ਼ਣ ਦਾ ਸੁਨੇਹਾ ਘਰ-ਘਰ ਪਹੁੰਚਾਉਣ ਲਈ ਪਟਿਆਲਾ ਸ਼ਹਿਰ ਦੀ ਪੂਰੀ ਆਬਾਦੀ ਨੂੰ ਕਵਰ ਕੀਤਾ ਜਾ ਰਿਹਾ ਹੈ।
ਹੈਲਥੀ ਬੇਬੀ ਸੋਅ ਦੇ ਜੇਤੂਆਂ ਗਰੂਮਿੰਗ ਕਿਟਾਂ ਤੇ ਤੌਲੀਏ ਇਨਾਮ ਵਜੋਂ ਤਕਸੀਮ ਕੀਤੇ ਗਏ। ਗੈਰ ਸਰਕਾਰੀ ਸੰਸਥਾਂ ਮਾਨਵਤਾ ਭਲਾਈ ਚੈਰੀਟੇਬਲ ਸੁਸਾਇਟੀ ਨੇ ਗਰਭਵਤੀ ਔਰਤਾਂ ਨੂੰ ਦਲੀਏ ਦੇ ਪੈਕਟ ਵੰਡੇ। ਜਦਕਿ ਕਿਸ਼ੋਰ ਬਾਲੜੀਆਂ ਨੂੰ ਖ਼ੂਨ ਦੀ ਕਮੀ ਹੋਣ ਦੇ ਸੰਕੇਤ ਤੇ ਇਸ ਨੂੰ ਪੂਰਾ ਕਰਨ ਦੇ ਉਪਾਅ , ਪ੍ਰੀਖਿਆ ਬੋਰਡ ਵੀ ਵੰਡੇ ਗਏ।ਇਸ ਮੌਕੇ ਮਾਨਵਤਾ ਭਲਾਈ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਅਮਨਿੰਦਰ ਸਿੰਘ, ਸਰਕਲ ਸੁਪਰਵਾਈਜ਼ਰ ਦਲਜੀਤ ਕੌਰ ਤੇ ਤ੍ਰਿਪਤਾ ਰਾਣੀ, ਸਮਾਜ ਸੇਵਿਕਾ ਰਾਜ ਰਾਣੀ ਸਿੰਗਲਾ, ਸਮੂਹ ਆਂਗਣਵਾੜੀ ਸਟਾਫ਼ ਤੇ ਵਰਕਰ ਮੌਜੂਦ ਰਹੇ।