ਮੈਨੂੰ ਪਾਰਟੀ ਵੱਲੋਂ ਵਾਰ-ਵਾਰ ਬੇਇੱਜ਼ਤ ਕੀਤਾ ਗਿਆ, ਕਹਿੰਦਿਆਂ ਕੈਪਟਨ ਅਮਰਿੰਦਰ ਨੇ ਦਿੱਤਾ ਅਸਤੀਫਾ
- ਮੇਰੇ ਲਈ ਬਦਲ ਖੁੱਲ੍ਹੇ, ਸਮਾਂ ਆਉਣ 'ਤੇ ਸਿਆਸੀ ਭਵਿੱਖ ਦਾ ਲਵਾਂਗਾ ਫੈਸਲਾ
ਚੰਡੀਗੜ੍ਹ, 18 ਸਤੰਬਰ 2021 - ਬੀਤੇ ਦੋ ਮਹੀਨਿਆਂ ਤੋਂ ਕਾਂਗਰਸ ਪਾਰਟੀ ਵੱਲੋਂ ਵਾਰ-ਵਾਰ ਬੇਇੱਜ਼ਤ ਕਰਨ ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਭਵਿੱਖ ਵਿੱਚ ਚੁੱਕੇ ਜਾਣ ਵਾਲੇ ਕਦਮਾਂ ਦੀਆਂ ਸੰਭਾਵਨਾਵਾਂ ਤਲਾਸ਼ਣਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਸਮਰਥਕਾਂ ਨਾਲ ਸਲਾਹ ਮਸ਼ਵਰਾ ਕਰ ਕੇ ਆਪਣੇ ਭਵਿੱਖ ਦਾ ਫੈਸਲਾ ਲੈਣਗੇ ਕਿਉਂ ਜੋ ਪਿਛਲੇ ਪੰਜ ਦਹਾਕਿਆਂ ਤੋਂ ਇਹ ਸਮਰਥਕ ਉਨ੍ਹਾਂ ਨਾਲ ਖੜ੍ਹਦੇ ਆਏ ਹਨ। ਅਸਤੀਫਾ ਸੌਂਪਣ ਤੋਂ ਬਾਅਦ ਉਨ੍ਹਾਂ ਕਿਹਾ, ''ਹਮੇਸ਼ਾ ਹੀ ਬਦਲ ਖੁੱਲ੍ਹਾ ਹੈ ਅਤੇ ਮੈਂ ਸਮਾਂ ਆਉਣ 'ਤੇ ਇਹ ਬਦਲ ਨੂੰ ਵਰਤਾਂਗਾ ਅਤੇ ਇਸ ਵੇਲੇ ਤਾਂ ਮੈਂ ਕਾਂਗਰਸ ਵਿੱਚ ਹੀ ਹਾਂ।''
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਬੀਤੇ ਦੋ ਮਹੀਨਿਆਂ ਵਿੱਚ ਕਾਂਗਰਸ ਲੀਡਰਸ਼ਿਪ ਵੱਲੋਂ ਮੈਨੂੰ ਤਿੰਨ ਵਾਰ ਬੇਇੱਜ਼ਤ ਕੀਤਾ ਗਿਆ। ਕਾਂਗਰਸ ਹਾਈ ਕਮਾਨ ਨੇ ਦੋ ਵਾਰ ਵਿਧਾਇਕਾਂ ਨੂੰ ਦਿੱਲੀ ਸੱਦਿਆ ਅਤੇ ਹੁਣ ਅੱਜ ਚੰਡੀਗੜ੍ਹ ਵਿੱਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾ ਲਈ।'' ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਫੈਸਲਾ ਲੈ ਲਿਆ ਸੀ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਵੀ ਦੱਸ ਦਿੱਤਾ ਸੀ ਕਿ ਉਹ ਅਸਤੀਫਾ ਦੇ ਦੇਣਗੇ।
ਰਾਜਪਾਲ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਕਿ ਜ਼ਾਹਰਾ ਤੌਰ 'ਤੇ ਕਾਂਗਰਸ ਹਾਈ ਕਮਾਨ ਨੂੰ ਮੇਰੇ ਵਿੱਚ ਭਰੋਸਾ ਨਹੀਂ ਅਤੇ ਉਨ੍ਹਾਂ ਨੇ ਇਹ ਨਹੀਂ ਸੋਚਿਆ ਕਿ ਮੈਂ ਆਪਣੀ ਜ਼ਿੰਮੇਵਾਰੀ ਨਿਭਾ ਸਕਦਾ ਹਾਂ ਪਰ ਇਸ ਸਮੁੱਚੇ ਮਾਮਲੇ ਨੂੰ ਜਿਸ ਢੰਗ ਨਾਲ ਨਜਿੱਠਿਆ ਗਿਆ, ਉਸ ਤੋਂ ਮੈਂ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕੀਤਾ।''
ਕੈਪਟਨ ਅਮਰਿੰਦਰ ਸਿੰਘ ਨੇ ਸ਼ਾਮ ਸਾਢੇ ਚਾਰ ਵਜੇ ਤੋਂ ਬਾਅਦ ਪੰਜਾਬ ਰਾਜ ਭਵਨ ਵਿਖੇ ਜਾ ਕੇ ਰਾਜਪਾਲ ਨੂੰ ਆਪਣਾ ਅਤੇ ਮੰਤਰੀ ਮੰਡਲ ਦਾ ਅਸਤੀਫਾ ਸੌਂਪਿਆ ਕਿਉਂ ਜੋ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਸ਼ਾਮ ਪੰਜ ਵਜੇ ਕਾਂਗਰਸ ਵਿਧਾਇਕ ਦਲ ਦੀ ਸੱਦੀ ਹੰਗਾਮੀ ਮੀਟਿੰਗ ਰਾਹੀਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਵਜੋਂ ਦੇਖਿਆ ਜਾ ਰਿਹਾ ਸੀ।
ਇਸ ਸਤਰੀ ਅਸਤੀਫੇ ਵਿੱਚ ਉਨ੍ਹਾਂ ਕਿਹਾ, ''ਮੈਂ ਮੁੱਖ ਮੰਤਰੀ ਅਤੇ ਆਪਣੇ ਮੰਤਰੀ ਮੰਡਲ ਵਜੋਂ ਆਪਣਾ ਅਸਤੀਫਾ ਸੌਂਪਦਾ ਹਾਂ।''
ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪਰਨੀਤ ਕੌਰ ਵੀ ਉਨ੍ਹਾਂ ਨਾਲ ਰਾਜ ਭਵਨ ਗਏ। ਇਸ ਮੌਕੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੇ ਨਾਲ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਰਵਨੀਤ ਸਿੰਘ ਬਿੱਟੂ, ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਵੀ ਹਾਜ਼ਰ ਸਨ।