ਕੈਨੇਡਾ: ਕੈਲਗਰੀ ‘ਚ ਜਸਰਾਜ ਹੱਲਣ ਤੇ ਜੌਰਜ ਚਾਹਲ ਨੇ ਗੱਡੇ ਜਿੱਤ ਦੇ ਝੰਡੇ
ਕਮਲਜੀਤ ਬੁੱਟਰ
- ਇਮੀਗ੍ਰੇਸ਼ਨ ਸ਼ੈੱਡੋ ਮਨਿਸਟਰ ਰਹਿ ਚੁੱਕੇ ਜਸਰਾਜ ਨੂੰ ਮੁੜ ਪਾਰਟੀ ‘ਚ ਵੱਡੀ ਜ਼ੁੰਮੇਵਾਰੀ ਮਿਲ ਸਕਦੀ
- ਜੌਰਜ ਚਾਹਲ ਨੇ ਅਲਬਰਟਾ ‘ਚ ਲਿਬਰਲ ਦਾ ਬੂਟਾ ਲਗਾਇਆ
ਕੈਲਗਰੀ, 21 ਸਤੰਬਰ 2021 : ਕੈਲਗਰੀ ਸਕਾਇਵਿਊ ਰਾਇਡਿੰਗ ਤੋਂ ਲਿਬਰਲ ਉਮੀਦਵਾਰ ਜੌਰਜ ਚਾਹਲ ਨੇ ਕੰਜ਼ਰਵੇਟਿਵ ਉਮੀਦਵਾਰ ਜੈਗ ਸਹੋਤਾ ਨੂੰ ਹਰਾ ਕੇ ਇਹ ਸੀਟ ਜਿੱਤ ਲਈ ਹੈ। ਬੇਹਦ ਉਤਾਰ-ਚੜ੍ਹਾਅ ਵਾਲੇ ਨਤੀਜਿਆਂ ਦਰਮਿਆਨ ਜੌਰਜ ਅਤੇ ਜੈਗ, ਵੋਟਾਂ ਦੀ ਗਿਣਤੀ ਵਿੱਚ ਇਕ ਦੂਜੇ ਤੋਂ ਅੱਗੇ-ਪਿਛੇ ਹੁਮਦੇ ਰਹੇ ਪਰ ਅੰਤ ਨੂੰ ਜੌਰਜ ਨੇ ਬਾਜ਼ੀ ਮਾਰ ਹੀ ਲਈ। ਉਹਨਾਂ ਨੂੰ 19472 ਵੋਟਾਂ ਪਈਆਂ ਜਦੋਂ ਕਿ ਜੈਗ ਸਹੋਤਾ ਨੂੰ 16230 ਵੋਟ ਮਿਲੇ।
ਇਸ ਰਾਇਡਿੰਗ ਤੋਂ ਐਨਡੀਪੀ ਉਮੀਦਵਾਰ ਗੁਰਿੰਦਰ ਸਿੰਘ ਗਿੱਲ 7443 ਵੋਟਾਂ ਨਾਲ ਤੀਸਰੇ ਸਥਾਨ ‘ਤੇ ਰਹੇ। ਪੀਪਲਜ਼ ਪਾਰਟੀ ਦੇ ਹੈਰੀ ਢਿੱਲੋਂ ਨੂੰ 1685 ਵੋਟਾਂ ਮਿਲੀਆਂ। ਕੈਲਗਰੀ ਫੌਰੈਸਟ ਲੌਨ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ ਆਪਣੀ ਨੇੜ਼ਲੀ ਵਿਰੋਧੀ ਲਿਬਰਲ ਉਮੀਦਵਾਰ ਜੌਰਡਨ ਸਟੀਨ ਨੂੰ ਵੱਡੇ ਫ਼ਰਕ ਨਾਲ ਹਰਾਇਆ। ਹੱਲਣ ਨੂੰ 15 ਹਜ਼ਾਰ 20 ਵੋਟ ਮਿਲੇ ਜਦੋਂ ਕਿ ਲਿਬਰਲ ਜੌਰਡਨ ਸਟੀਨ ਨੇ 9308 ਵੋਟ ਹਾਸਲ ਕੀਤੇ। ਐਨਡੀਪੀ ਦੇ ਉਮੀਦਵਾਰ ਨੂੰ ਇਸ ਰਾਇਡਿਂਗ ਤੋਂ 6049 ਵੋਟ ਮਿਲੇ। ਬਾਕੀ ਸਾਰੀਆਂ ਸੀਟਾਂ ‘ਤੇ ਹੀ ਕੰਜ਼ਰਵੇਟਿਵ ਪਾਰਟੀ ਉਮੀਦਵਾਰਾਂ ਨੇ ਹੀ ਜਿੱਤ ਦਰਜ ਕੀਤੀ ਹੈ।