ਕੈਪਟਨ ਦੀ ਫੋਟੋ:‘ ਯਾਰੀ ਲੱਗੀ ਤੋਂ ਲੁਆਤੇ ਤਖਤੇ ਤੇ ਟੁੱਟੀ ਤੋਂ ਚੁਗਾਠ ਪੱਟ ਲਈ’
ਅਸ਼ੋਕ ਵਰਮਾ
ਬਠਿੰਡਾ, 22 ਸਤੰਬਰ2021: ਕੱਲ੍ਹ ਤੱਕ ਜਿਸ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ’ਚ ਤੂਤੀ ਬੋਲਦੀ ਸੀ ਉਸ ਨੂੰ ਸੱਤਾ ਤੋਂ ਲਾਂਭੇ ਕਰਨ ਮਗਰੋਂ ਹਾਕਮ ਧਿਰ ਕਾਂਗਰਸ ਨੇ ਸਰਕਾਰੀ ਹਲਕਿਆਂ ਚੋਂ ਪੰਜਾਬ ’ਚ ਕਾਂਗਰਸੀ ਸੱਤਾ ਦਾ ਝੰਡਾ ਬੁਲੰਦ ਕਰਨ ਵਾਲੇ ਕੈਪਟਨ ਦਾ ਖੁਰਾਖੋਜ ਮਿਟਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਪੰਜਾਬ ਸਰਕਾਰ ਦੇ ਅਦਾਰੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਤੋਂ ਕੀਤੀ ਗਈ ਹੈ ਜਿਸ ਦੀਆਂ ਬੱਸਾਂ ਤੇ ਸਰਕਾਰੀ ਪ੍ਰਚਾਰ ਕਰਕੇ ਸਿਆਸੀ ਲਾਹਾ ਖੱਟਣ ਲਈ ਲਾਏ ਕੈਪਟਨ ਦੀ ਤਸਵੀਰ ਵਾਲੇ ਫਲੈਕਸ ਲਾਹੁਣ ਦੇ ਹੁਕਮ ਦਿੱਤੇ ਹਨ। ਪੀਆਰਟੀਸੀ ਪ੍ਰਬੰਧਕਾਂ ਨੇ ਇੱਕ ਪੱਤਰ ਜਾਰੀ ਕਰਕੇ ਆਪਣੇ ਡਿਪੂਆਂ ’ਚ ਤਾਇਨਾਤ ਜਰਨਲ ਮੈਨੇਜਰਾਂ ਨੂੰ ਸਰਕਾਰੀ ਬੱਸਾਂ ਤੋਂ ਕੈਪਟਨ ਦੀਆਂ ਤਸਵੀਰਾਂ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਅਫਸਰਾਂ ਦੇ ਆਦੇਸ਼ਾਂ ਤੇ ਅਮਲ ਕਰਦਿਆਂ ਪੀਆਰਟੀਸੀ ਦੇ ਮੁਲਾਜਮਾਂ ਨੇ ਕੈਪਟਨ ਦੀਆਂ ਫੋਟੋਆਂ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਮੁਲਾਜਮਾਂ ਦਾ ਕਹਿਣਾ ਹੈ ਕਿ ਉਹ ਹੁਕਮਾਂ ’ਚ ਬੱਝੇ ਹਨ ਜਿਸ ਕਰਕੇ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ।
ਉਂਜ ਵੀ ਸਰਕਾਰੀ ਬੱਸ ਸੇਵਾ ’ਚ ਜਿਆਦਾਤਰ ਕੱਚੇ ਮੁਲਾਜਮ ਹੀ ਕੰਮ ਕਰਦੇ ਹਨ ਜਿੰਨ੍ਹਾਂ ਨੂੰ ਕੈਪਟਨ ਨੇ ਸੱਤਾ ਤੇ ਕਬਜਾ ਕਰਨ ਲਈ ਰੈਗੂਲਰ ਕਰਨ ਦਾ ਲਾਲੀਪਾਪ ਫੜਾਇਆ ਸੀ ਜਿਸ ਕਰਕੇ ਉਹ ਅੰਦਰੋ ਅੰਦਰੀ ਖਫਾ ਚੱਲੇ ਆ ਰਹੇ ਹਨ। ਇਸ ਦੇ ਨਾਲ ਹੀ ਬਿਨਾਂ ਕੁੱਝ ਆਖਿਆਂ ਸਰਕਾਰੀ ਦਫਤਰਾਂ ਵਿੱਚੋਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਪੰਜਾਬ ਸਰਕਾਰ ਦੇ ਕੈਲੰਡਰ ਅਤੇ ਤਸਵੀਰਾਂ ਗਾਇਬ ਹੋਣੀਆਂ ਸ਼ੁਰੂ ਹੋ ਗਈਆਂ ਹਨ। ਸੂਤਰ ਦੱਸਦੇ ਹਨ ਕਿ ਪੁਲਿਸ ਵਿਭਾਗ ਨਾਲ ਸਬੰਧਤ ਵੱਡੇ ਅਧਿਕਾਰੀਆਂ ਨੇ ਵੀ ਰਾਤੋ ਰਾਤ ਕੈਪਟਨ ਦੀਆਂ ਤਸਵੀਰਾਂ ਨੂੰ ਹਟਾ ਦਿੱਤਾ ਹੈ। ਏਦਾਂ ਹੀ ਮਾਲਵੇ ਦੇ ਕਈ ਥਾਣਿਆਂ ਵਿਚੋਂ ਵੀ ਕੈਪਟਨ ਦੇ ਕੈਲੰਡਰਾਂ ਆਦਿ ਹਟਾ ਦਿੱਤਾ ਗਿਆ ਹੈ ਤਾਂ ਜੋ ਕਿਸੇ ਵਿਵਾਦ ’ਚ ਪੈਣੋ ਬÇਓਆ ਜਾ ਸਕੇ। ਇੱਕ ਸੀਨੀਅਰ ਕਾਂਗਰਸੀ ਆਗੂਆਂ ਨੇ ਕਿਹਾ ਕਿ ਵੈਸੇ ਤਾਂ ਹਰ ਸਿਆਸੀ ਧਿਰ ’ਚ ਹੀ ਚੜ੍ਹਦੇ ਸੂਰਜ ਨੂੰ ਸਲਾਮ ਹੁੰਦਾ ਹੈ ਪਰ ਕੈਪਟਨ ਵਾਲੀ ਤਾਂ ਸੱਤਾ ’ਚ ਰਹਿੰਦਿਆਂ ਅਤੇ ਹਟਣ ਤੋਂ ਬਾਅਦ ਵੀ ਨਹੀਂ ਹੋਈ ਹੈ।
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ’ਚ ਕਈ ਵਰ੍ਹੇ ਪਹਿਲਾਂ ਪਿੰਡ ਕਿਲੀ ਚਹਿਲਾਂ ’ਚ ਰਾਹੁਲ ਗਾਂਧੀ ਵੱਲੋਂ ਕੀਤੀ ਰੈਲੀ ਦੌਰਾਨ ਸਟੇਜ਼ ਤੇ ਬੈਠਣ ਦੇ ਮਾਮਲੇ ’ਚ ਕਾਂਗਰਸੀ ਲੀਡਰਾਂ ਦਾ ਮੌਜੂਦਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਤਕਰਾਰ ਹੋ ਗਈ ਸੀ। ਉਸ ਤੋਂ ਬਾਅਦ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੇ ਖੇਮਿਆਂ ਵਿਚਕਾਰ ਆਪਸ ’ਚ ਠੰਢੀ ਜੰਗ ਚੱਲਦੀ ਆ ਰਹੀ ਸੀ। ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਵੀ ਦੇਣਾ ਪਿਆ। ਚੋਣਾਂ ਨੇੜੇ ਆਉਂਦਿਆਂ ਕੁੱਝ ਮੰਤਰੀ ਤੇ ਵਿਧਾਇਕ ਕੈਪਟਨ ਖਿਲਾਫ ਸਰਗਰਮ ਹੋ ਗਏ ਜਿਸ ਦਾ ਸਿੱਟਾ ਨਵਜੋਤ ਸਿੱਧੂ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਬਨਾਉਣ ਦੇ ਰੂਪ ’ਚ ਨਿਕਲਿਆ । ਹਾਲਾਂਕਿ ਸਿਆਸੀ ਪੰਡਿਤਾਂ ਨੇ ਉਦੋਂ ਹੀ ਪੇਸ਼ੀਨਗੋਈ ਕਰ ਦਿੱਤੀ ਸੀ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸੱਤਾ ਤੇ ਸਰਦਾਰੀ ਬਹੁਤੀ ਦੇਰ ਨਹੀਂ ਕਿਉਂਕਿ ਕਾਂਗਰਸੀਆਂ ਦੀਆਂ ਬਾਗੀ ਸੁਰਾਂ ਜਾਰੀ ਰਹੀਆਂ ਅਤੇ ਕੈਪਟਨ ਨੂੰ ਬਦਲਣ ਦੀ ਮੰਗ ਕਰ ਦਿੱਤੀ।
ਕਾਫੀ ਉਤਾਰ ਚੜ੍ਹਾਅ ਤੋਂ ਬਾਅਦ ਇੱਕ ਵਾਰ ਨਾਂ ਜਾਪਿਆ ਸੀ ਕਿ ਮਸਲਾ ਹੁਣ ਨਿਪਟ ਗਿਆ ਹੈ ਪਰ ਇਸ ਦੌਰਾਨ ਲੰਘੀ 18-19 ਸਤੰਬਰ ਦੀ ਅੱਧੀ ਰਾਤ ਨੂੰ ਆਦੇਸ਼ ਜਾਰੀ ਕਰਕੇ ਵਿਧਾਇਕਾਂ ਦੀ ਮੀਟਿੰਗ ਸੱਦ ਲਈ ਜਿਸ ਦੇ ਸਿੱਟੇ ਵਜੋਂ 19 ਸਤੰਬਰ ਸ਼ਾਮ ਤੱਕ ਕੈਪਟਨ ਨੂੰ ਅਸਤੀਫਾ ਦੇਣਾ ਪਿਆ। ਇਸ ਤੋਂ ਬਾਅਦ ਕੈਪਟਨ ਦੇ ਓ ਐਸ ਡੀਜ਼ ਅਤੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਸਮੇਤ ਅਸਤੀਫਿਆਂ ਦੀ ਝੜੀ ਲੱਗ ਗਈ ਜੋ ਵੱਖ ਵੱਖ ਰੂਪਾਂ ’ਚ ਅਜੇ ਤੱਕ ਜਾਰੀ ਹੈ। ਮਾਲਵੇ ਨਾਲ ਸਬੰਧਤ ਇੱਕ ਸੀਨੀਅਰ ਕਾਂਗਰਸੀ ਆਗੂ ਨੇ ਦੱਸਿਆ ਕਿ ਅਸਲ ’ਚ ਨਵੀਂ ਸਰਕਾਰ ਸੱਤਾ ਤੇ ਆਪਣੀ ਪਕੜ ਮਜਬੂਤ ਕਰਨ ਅਤੇ ਲੋਕਾਂ ’ਚ ਬਣੇ ਕੈਪਟਨ ਸਰਕਾਰ ਖਿਲਾਫ ਨਾਂਹ ਪੱਖੀ ਰਵਈਏ ਨੂੰ ਖਤਮ ਕਰਨਾ ਚਾਹੁੰਦੀ ਹੈ ਜਿਸ ਕਰਕੇ ਅਜਿਹਾ ਦੌਰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਹੋਰ ਵੀ ਕਈ ਕਾਰਨ ਹਨ ਜਿਨ੍ਹਾਂ ਤਹਿਤ ਕੈਪਟਨ ਅਮਰਿੰਦਰ ਸਿੰਘ ਦੀਆਂ ਬੱਸਾਂ ਤੋਂ ਤਸਵੀਰਾਂ ਲਾਹੁਣਾ ਕੋਈ ਅਲੋਕਾਰੀ ਗੱਲ ਨਹੀਂ ਹੈ।
ਕਾਂਗਰਸ ਦੀ ਜਿੱਤ ’ਚ ਅਹਿਮ ਭੂਮਿਕਾ
ਪੰਜਾਬ ’ਚ ਸਰਕਾਰ ਚਲਾ ਰਹੇ ਅਕਾਲੀ ਭਾਜਪਾ ਗੱਠਜੋੜ ਨੂੰ ਦਸ ਸਾਲ ਦੇ ਰਾਜ ਭਾਗ ਤੋਂ ਲਾਹੁਣ ਅਤੇ ਕਾਂਗਰਸ ਨੂੰ ਸੱਤਾ ’ਚ ਲਿਆਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਭਾਵੇਂ ਸੱਤਾ ਹਥਿਆਉਣ ਲਈ ਪੰਜਾਬ ਵਾਸੀਆਂ ਨਾਲ ਅਜਿਹੇ ਵਾਅਦੇ ਕਰ ਲਏ ਜਿੰਨ੍ਹਾਂ ਨੂੰ ਨੇਪਰੇ ਚਾੜ੍ਹਨਾ ਸਰਕਾਰ ਲਈ ‘ਬੋਤਾ ਰੇਲ ਚੜਾਉਣ’ ਦੀ ਤਰਾਂ ਬਣਿਆ ਰਿਹਾ ਫਿਰ ਵੀ ਬੰਪਰ ਬਹੁਮਤ ਹਾਸਲ ਕਰਨ ਦਾ ਸਿਹਰਾ ਕੈਪਟਨ ਸਿਰ ਬੱਝਿਆ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਕਰਜਿਆਂ ਤੇ ਲਕੀਰ ਫੇਰਨ, ਹੱਰ ਕੱਚੇ ਮੁਲਾਜਮ ਨੂੰ ਪੱਕਾ ਕਰਨ ਅਤੇ ਹੋਰ ਕਈ ਦਿਓ ਕੱਦ ਵਾਅਦਿਆਂ ਨੇ ਕਪਤਾਨੀ ਅਤੇ ਕਾਂਗਰਸ ਦੇ ਵਕਾਰ ਨੂੰ ਢਾਹ ਲਾਇਆ। ਲਗਾਤਾਰ ਸਾਢੇ ਚਾਰ ਸਾਲ ਪੰਜਾਬ ਸਰਕਾਰ ਧਰਨਿਆਂ ਮੁਜਾਹਰਿਆਂ ’ਚ ਘਿਰੀ ਰਹੀ ਜਿਸ ’ਚ ਹੁਣ ਮਾੜਾ ਮੋਟਾ ਸਾਹ ਆਇਆ ਹੈ।