ਧਾਰਮਿਕ ਸੰਸਥਾਵਾਂ ਦੇ ਮੁਖੀਆਂ ਵੱਲੋਂ ਰਾਜਨੀਤਿਕ ਬਿਆਨ ਸਿਆਸੀ ਕਠਪੁਤਲੀ ਹੋਣ ਦਾ ਸਬੂਤ - ਭਾਈ ਵਡਾਲਾ
ਕੁਲਵਿੰਦਰ ਸਿੰਘ
ਅੰਮ੍ਰਿਤਸਰ, 22 ਸਤੰਬਰ 2021 - ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ 22 ਸਤੰਬਰ 2021 ਤੱਕ 328 ਸਰੂਪਾਂ ਦੇ ਇਨਸਾਫ਼ ਬਾਬਤ ਪੰਥਕ ਹੋਕੇ ਦੇ ਥੜ੍ਹੇ ਉੱਪਰ ਲੱਗੇ ਮੋਰਚੇ ਨੂੰ 323 ਦਿਨ ਹੋ ਗਏ ਹਨl
ਸੰਗਤਾਂ ਨੇ ਪੰਥਕ ਸੰਸਥਾਵਾਂ ਦੇ ਮੁਖੀਆਂ ਵੱਲੋਂ ਰਾਜਨੀਤੀ ਤੋਂ ਪ੍ਰੇਰਿਤ ਬਿਆਨ ਬਾਜ਼ੀ ਬਾਰੇ ਚਿੰਤਾ ਪ੍ਰਗਟ ਕੀਤੀ।
ਉਨ੍ਹਾਂ ਕਿਹਾ ਕਿ ਰਾਜਸੀ ਹਾਕਮਾਂ ਦੀ ਪੈਂਤੜੇਬਾਜ਼ੀ ਨਾਲ ਦੇਸ਼ ਦੀ ਅਤੇ ਸੂਬੇ ਦੀ ਰਾਜਨੀਤੀ ਵਿੱਚ ਵੀ ਸਮੇਂ-ਸਮੇਂ ਉਥਲ ਪੁਥਲ ਹੁੰਦੀ ਰਹਿੰਦੀ ਹੈ'ਜਿਸ ਨਾਲ ਰਾਜਨੀਤਕ ਸਮੀਕਰਨ ਬਦਲਦੇ ਰਹਿੰਦੇ ਹਨl ਪਰ ਰਾਜਨੀਤਕ ਲੋਕਾਂ ਵੱਲੋਂ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਵਰਤੀ ਜਾਣ ਵਾਲੀ ਬੋਲੀ ਬੋਲ ਕੇ ਲਏ ਜਾਣ ਵਾਲੇ ਫ਼ੈਸਲਿਆਂ ਨਾਲ ਪੰਥਕ ਸੰਸਥਾਵਾਂ ਦਾ ਦੂਰ ਦੂਰ ਤਕ ਕੋਈ ਵਾਹ ਵਾਸਤਾ ਨਹੀਂਂ ਹੈ ਬੇਸ਼ਰਤੇ ਉਹ ਸ਼ਬਦ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੇ ਜਾਂ ਖ਼ਾਸਕਰ ਸਿੱਖ ਹਿਰਦਿਆਂ ਨੂੰ ਸਟ ਮਾਰਨ ਵਾਲੇ ਨਾ ਹੋਣ।
ਪਰ ਫਿਰ ਵੀ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਵੱਲੋਂ ਆਪਣੇ ਹਾਕਮਾਂ ਤੋਂ ਪ੍ਰੇਰਿਤ ਹੋ ਰਾਜਨੀਤਕ ਬਿਆਨਾਂ ਉੱਪਰ ਬੇਲੋੜੀ ਟੀਕਾ-ਟਿੱਪਣੀ ਕੀਤੀ ਜਾਂਦੀ ਹੈ ਜਿਸ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ।
ਜ਼ਿਕਰ ਯੋਗ ਹੈ ਕਿ ਪੰਜਾਬ ਸਰਕਾਰ ਦੀ ਵਜ਼ਾਰਤ ਵਿੱਚ ਹੁੰਦੀ ਉਥਲ ਪੁਥਲ ਉੱਪਰ ਕੁਝ ਸਮਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਿਆਨ ਦਿੱਤਾ ਸੀ ਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਤੌਰ ਜਥੇਦਾਰ ਹੋਣ ਦੇ ਨਾਤੇ ਮੌਜੂਦਾ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਸਿਆਸੀ ਮੁੱਦੇ ਤੇ ਬਿਆਨ ਦੇਣਾ ਸੋਭਦਾ ਨਹੀਂ।ਇਹੋ ਜਿਹੇ ਬਿਆਨ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਵੱਲੋਂ ਆਉਣ ਨਾਲ ਸਿੱਖਾਂ ਦੇ ਸੱਭੇ ਸਾਂਝੀਵਾਲ ਸਦਾਇਨਿ ਦੇ ਧਾਰਮਿਕ ਫ਼ਲਸਫ਼ੇ ਨੂੰ ਠੇਸ ਪਹੁੰਚਦੀ ਹੈ।ਧਿਆਨ ਰਹੇ ਕਿ ਸਿੱਖਾਂ ਦੀਆਂ ਦੋਨੋਂ ਹੀ ਸਰਵਉੱਚ ਸੰਸਥਾਵਾਂ ਦੇ ਮੁਖੀਆਂ ਨੇ ਸਰਕਾਰ ਉੱਪਰ ਬੇਲੋੜੀ ਟੀਕਾ-ਟਿੱਪਣੀ ਕੀਤੀ ਹੈ।
ਉਨ੍ਹਾਂ ਸਿੱਖ ਸੰਗਤਾਂ ਨੂੰ ਅਜਿਹੇ ਰਾਜਨੀਤਕ ਬਿਆਨਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ,ਜਿਨ੍ਹਾਂ ਦਾ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।