ਮਾਲਵਾ ਕਾਲਜ ਬੌਂਦਲੀ ‘ਚ ਸਕਾਲਰਸ਼ਿਪ ਸੈੱਲ ਸਥਾਪਤ
ਸਮਰਾਲਾ, ਬਾਬੂਸ਼ਾਹੀ ਨੈੱਟਵਰਕ, 23 ਸਤੰਬਰ 2021- ਮਾਲਵਾ ਕਾਲਜ ਬੌਂਦਲੀ-ਸਮਰਾਲਾ ਵਿੱਚ ਭਾਰਤ ਸਰਕਾਰ ਦੀਆਂ ਸਕਾਲਰਸ਼ਿਪ ਸਕੀਮਾਂ ਅਧੀਨ ਸਕਾਲਰਸ਼ਿਪ ਹਾਸਲ ਕਰਨ ਲਈ ਯੋਗ ਵਿਦਿਆਰਥੀਆਂ ਦੀ ਮੱਦਦ ਕਰਨ ਵਾਸਤੇ ਇੱਕ ਸੈੱਲ ਦੀ ਸਥਾਪਨਾ ਕਰ ਦਿੱਤੀ ਗਈ ਹੈ । ਕਾਲਜ ਪ੍ਰਿੰਸੀਪਲ ਡਾ. ਹਰਿੰਦਰ ਕੌਰ ਨੇ ਦੱਸਿਆ ਕਿ ਕਾਲਜ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੀ ਆਰਥਿਕ ਮੱਦਦ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੀ ਸਕਾਲਰਸ਼ਿਪ ਦੇਣ ਦਾ ਪ੍ਰਬੰਧ ਹੈ , ਜਿਨ੍ਹਾਂ ਵਿੱਚ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ , ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਅਤੇ ਗਰੀਬ ਵਿਦਿਆਰਥੀਆਂ ਲਈ ਸਕਾਲਸ਼ਿਪ ਪ੍ਰਮੁੱਖ ਤੌਰ ਤੇ ਸ਼ਾਮਿਲ ਹਨ । ਅਨੁਸੂਚਿਤ ਜਾਤੀ ਸਕਾਲਰਸ਼ਿਪ ਦੇ ਨੋਡਲ ਅਫ਼ਸਰ ਪ੍ਰੋਫੈਸਰ ਇੰਦਰਜੀਤ ਸਿੰਘ ਅਤੇ ਘੱਟ ਗਿਣਤੀ ਵਰਗ (ਸਿੱਖ, ਮੁਸਲਿਮ, ਬੋਧੀ, ਜੈਨੀ, ਪਾਰਸੀ ਅਤੇ ਇਸਾਈ) ਅਤੇ ਪੱਛੜੀਆਂ ਸ੍ਰੇਣੀਆਂ ਦੇ ਨੋਡਲ ਅਫ਼ਸਰ ਪ੍ਰੋਫੈਸਰ ਮੁਹੰਮਦ ਵਜੀਦ ਨਿਯੁਕਤ ਕੀਤੇ ਗਏ ਹਨ । ਇਹ ਸੁਵਿਧਾ ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾਵੇਗੀ ਜੋ ਕਾਲਜ ਦੇ ਬੋਨਾਫਾਈਡ ਵਿਦਿਆਰਥੀ ਹੋਣਗੇ ।
ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਵਿਸ਼ੇਸ਼ ਸੈੱਲ ਦੇ ਗਠਨ ਪਿੱਛੇ ਮਕਸਦ, ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਮੌਕੇ ਪ੍ਰਦਾਨ ਕਰਨਾ, ਉਨ੍ਹਾਂ ਦੀ ਉੱਚ ਸਿੱਖਿਆ ਦੀ ਪ੍ਰਾਪਤੀ ਦੀ ਦਰ ਨੂੰ ਵਧਾਉਣਾ ਅਤੇ ਉਨ੍ਹਾਂ ਨੂੰ ਰੁਜ਼ਗਾਰ ਪ੍ਰਾਪਤੀ ਦੇ ਯੋਗ ਬਣਾਉਣਾ ਹੈ । ਵਿਦਿਆਰਥੀਆਂ ਨੂੰ ਕਾਲਜ ਵਿੱਚ ਦਾਖਲ ਹੋ ਕੇ ਸਮੇਂ ਸਿਰ ਫਾਰਮ ਭਰ ਕੇ ਇਹ ਸਕਾਲਰਸ਼ਿਪ ਪ੍ਰਾਪਤ ਕਰ ਲੈਣੀ ਚਾਹੀਦੀ ਹੈ ।