ਭਾਰਤ ਬੰਦ 'ਤੇ ਲੱਗੇਗਾ ਲੰਗੜੋਆ ਬਾਈਪਾਸ ਤੇ ਜਾਮ
ਨਵਾਂਸ਼ਹਿਰ,ਬਾਬੂਸ਼ਾਹੀ ਨੈੱਟਵਰਕ, 23 ਸਤੰਬਰ 2021--ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ 27 ਸਤੰਬਰ ਦੇ ਦਿੱਤੇ ਗਏ ਬੰਦ ਦੇ ਸੱਦੇ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਸਫਲ ਕਰਦਿਆਂ ਕਿਸਾਨ ਜਥੇਬੰਦੀਆਂ ਵਲੋਂ ਲੰਗੜੋਆ ਬਾਈਪਾਸ ਉੱਤੇ ਸਾਰੇ ਦਿਨ ਦਾ ਜਾਮ ਲਗਾਇਆ ਜਾਵੇਗਾ।ਇਸ ਸਬੰਧੀ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਇਲਾਕਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸ਼ਹਾਬਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਇਸ ਬੰਦ ਨੂੰ ਸਫਲ ਕਰਨ ਲਈ ਵਰਕਰਾਂ ਦੀਆਂ ਜਿੰਮੇਵਾਰੀਆਂ ਲਾਈਆਂ ਗਈਆਂ।ਮੀਟਿੰਗ ਦੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਿਲਾ ਆਗੂ ਮੱਖਣ ਸਿੰਘ ਭਾਨਮਜਾਰਾ ਨੇ ਦੱਸਿਆ ਕਿ 27 ਸਤੰਬਰ ਦਾ ਦੇਸ਼ ਵਿਆਪੀ ਬੰਦ ਮੋਦੀ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗਾ।ਇਹ ਬੰਦ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ।ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਉਰੇ ਕੁਝ ਵੀ ਮਨਜੂਰ ਨਹੀਂ।ਇਸ ਦਿਨ ਦੁਕਾਨਾਂ, ਕਾਰੋਬਾਰੀ ਅਦਾਰੇ, ਟਰਾਂਸਪੋਰਟ, ਫੈਕਟਰੀਆਂ, ਰੇਲਾਂ ਸਾਰਾ ਕੁਝ ਮੁਕੰਮਲ ਤੌਰ ਉੱਤੇ ਬੰਦ ਰਹੇਗਾ।ਯੂਨੀਅਨ ਵਲੋਂ ਵੱਖ ਵੱਖ ਜਥੇਬੰਦੀਆਂ ਨਾਲ ਇਸ ਸਬੰਧੀ ਮੀਟਿੰਗਾਂ ਕਰਕੇ ਇਸ ਬੰਦ ਨੂੰ ਸਫਲ ਬਣਾਉਣ ਲਈ ਬੇਨਤੀ ਕੀਤੀ ਗਈ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ 8 ਵਜੇ ਪਰਿਵਾਰਾਂ ਸਮੇਤ ਲੰਗੜੋਆ ਬਾਈਪਾਸ ਤੇ ਪਹੁੰਚਣ।ਉਹਨਾਂ ਦੱਸਿਆ ਕਿ ਚਾਹ ਅਤੇ ਲੰਗਰ ਸਾਰਾ ਦਿਨ ਚੱਲੇਗਾ।ਇਸ ਮੌਕੇ ਯੂਨੀਅਨ ਦੇ ਆਗੂ ਗੁਰਦੇਵ ਸਿੰਘ ਸ਼ਹਾਬਪੁਰ, ਮੇਜਰ ਸਿੰਘ ਅਸਮਾਨ ਪੁਰ,ਜਰਨੈਲ ਸਿੰਘ ਅਤੇ ਹਰਭਜਨ ਸਿੰਘ ਵੀ ਮੌਜੂਦ ਸਨ।