ਮੇਅਰ ਬਿੱਟੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਬਾਂਗਾ ਨੂੰ ਵੀ ਹਟਾਇਆ ਜਾਵੇ : ਲਵਲੀ
ਜਗਤਾਰ ਸਿੰਘ
ਪਟਿਆਲਾ, 24 ਸਤੰਬਰ 2021: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੈਕਟਰੀ ਕੁਲਵਿੰਦਰ ਸਿੰਘ ਲਵਲੀ ਨੇ ਕਿਹਾ ਕਿ ਮਿਊਂਸਪਲ ਕਾਰਪੋਰੇਸ਼ਨ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਤ ਬਾਂਗਾ ਨੂੰ ਵੀ ਤੁਰੰਤ ਅਹੁਦਿਆਂ ਤੋਂ ਹਟਾ ਕੇ ਭਿ੍ਰਸ਼ਟਾਚਾਰ ਖਤਮ ਕੀਤਾ ਜਾਵੇ ਅਤੇ ਇਨ੍ਹਾਂ ਦੋਹਾਂ ਦੀ ਵਿਜੀਲੈਂਸ ਦੀ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਇਨ੍ਹਾਂ ਦੋਹਾਂ ਨੇ 60 ਵਾਰਡਾਂ ਨੂੰ ਅੱਧੇ-ਅੱਧੇ ਵੰਡਿਆ ਹੋਇਆ ਸੀ ਤੇ ਡਿਵੈਲਪਮੈਂਟ ਦੇ ਨਾਮ ’ਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਗਈ ਅਤੇ ਕਰੋੜਾਂ ਦੇ ਸਰਕਾਰੀ ਫੰਡਾਂ ਦਾ ਘਪਲਾ ਵੀ ਕੀਤਾ ਗਿਆ।
ਲਵਲੀ ਨੇ ਕਿਹਾ ਕਿ ਮੇਅਰ ਨੇ ਬਿਲਡਿੰਗਾਂ ਦੀ ਨਜਾਇਜ਼ ਉਸਾਰੀ, ਕਾਰਪੋਰੇਸ਼ਨ ਦੀ ਜਗ੍ਹਾ ’ਤੇ ਕਬਜੇ ਅਤੇ ਪਾਰਕਾਂ ’ਤੇ ਕਬਜੇ ਕਰਵਾਏ ਤੇ ਇਹ ਸਮੁੱਚੇ ਕੰਮ ਮੇਅਰ ਦੀ ਮਰਜ਼ੀ ਅਤੇ ਮਿਲੀਭੁਗਤ ਨਾਲ ਹੀ ਹੋਏ ਹਨ। ਕੁਲਵਿੰਦਰ ਲਵਲੀ ਨੇ ਕਿਹਾ ਕਿ ਨਗਰ ਨਿਗਮ ਪਟਿਆਲਾ ਦੀ ਕਮਿਸ਼ਨਰ ਸਿਰਫ਼ ਤੇ ਸਿਰਫ਼ ਮੂਕ ਦਰਸ਼ਕ ਬਣ ਕੇ ਬੈਠੀ ਹੈ। ਉਹਨਾਂ ਕਿਹਾ ਕਿ ਟਾਊਨ ਪਲਾਨਿੰਗ ਅਧਿਕਾਰੀ ਅਤੇ ਬਿਲਡਿੰਗ ਇੰਸਪੈਕਟਰ ਮੇਅਰ ਦਾ ਕਹਿਣਾ ਮੰਨ ਕੇ ਗਲਤ ਕਾਰਵਾਈ ਕਰਦੇ ਰਹੇ ਨੂੰ ਵੀ ਜਾਂਚ ਅਧੀਨ ਲਿਆਉਣਾ ਚਾਹੀਦਾ ਹੈ।