ਪੰਜ ਸਾਲ ਦੀ ਉਮਰ ਤੋਂ ਛੋਟੇ ਪਰਵਾਸੀ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ
ਮਲੇਰਕੋਟਲਾ: 26 ਸਤੰਬਰ 2021 - ਰਾਸ਼ਟਰੀ ਸਿਹਤ ਮਿਸ਼ਨ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮਾਈਗ੍ਰੇਟਰੀ ਪਲਸ ਪੋਲੀਓ ਅਧੀਨ ਪੰਜ ਸਾਲ ਤੋਂ ਛੋਟੀ ਉਮਰ ਦੇ ਲਗਭਗ 1700 ਪਰਵਾਸੀ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਤਹਿਤ ਪਹਿਲੇ ਦਿਨ ਪਿਆਈਆਂ ਗਈਆਂ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਸਿਹਤ ਅਫ਼ਸਰ, ਮਲੇਰਕੋਟਲਾ ਡਾ ਮਹੇਸ਼ ਕੁਮਾਰ ਨੇ ਦਿੱਤੀ ।
ਉਨ੍ਹਾਂ ਦੱਸਿਆ ਕਿ ਮਿਤੀ 26, 27 ਅਤੇ 28 ਸਤੰਬਰ ਨੂੰ ਦੇਸ਼ ਭਰ ਵਿਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ ਪਰਵਾਸੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ, ਜਿਸ ਅਧੀਨ ਜ਼ਿਲ੍ਹਾ ਮਲੇਰਕੋਟਲਾ ਵਿੱਚ ਪੈਂਦੇ ਪੇਂਡੂ ਸਿਹਤ ਬਲਾਕਾਂ ਫ਼ਤਿਹਗੜ੍ਹ ਪੰਜਗਰਾਈਆਂ ਅਤੇ ਅਮਰਗੜ੍ਹ ਦੇ ਨਾਲ ਨਾਲ ਮਲੇਰਕੋਟਲਾ ਅਤੇ ਅਹਿਮਦਗੜ੍ਹ ਦੇ ਸ਼ਹਿਰੀ ਖੇਤਰਾਂ ਵਿੱਚ ਵੀ ਪਰਵਾਸੀ ਆਬਾਦੀ ਦੇ ਖੇਤਰਾਂ ਵਿਚ ਜਾ ਕੇ ਸਿਹਤ ਕਰਮਚਾਰੀਆਂ ਦੀਆਂ ਟੀਮਾਂ ਵੱਲੋਂ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ।
ਇਸ ਮੁਹਿੰਮ ਦੇ ਤਹਿਤ ਸਿਹਤ ਕਰਮਚਾਰੀ ਭੱਠਿਆਂ, ਸ਼ੈਲਰਾਂ, ਝੁੱਗੀ ਝੌਂਪੜੀ ਵਾਲੀਆਂ ਆਬਾਦੀਆਂ ਅਤੇ ਹੋਰ ਪਰਵਾਸੀ ਖੇਤਰਾਂ ਵਿਚ ਜਾ ਕੇ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਉਂਦੇ ਹਨ ਤਾਂ ਕਿ ਆਉਣ ਵਾਲੀ ਪੀੜ੍ਹੀ ਪੋਲੀਓ ਤੋਂ ਸੁਰੱਖਿਅਤ ਰਹਿ ਸਕੇ।